ਪੰਨਾ:ਤਲਵਾਰ ਦੀ ਨੋਕ ਤੇ.pdf/110

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੰਦ ਦੀ ਖਾਤਰ

ਹਿੰਦ ਪਿਛੇ ਜਿੰਦ ਦੇਕੇ ਹਿੰਦ ਨੂੰ ਬਚਾ ਲਈ,
ਹੱਸ ਹੱਸ ਸੂਰੇ ਤਾਹੀਓਂ ਰਣਾਂ ਵਿਚ ਰੱਜ ਗਏ।
ਭਾਵੇਂ ਦਿਤੀ ਜਾਨ ਪਰ ਆਨ ਨਹੀਂ ਜਾਣ ਦਿਤੀ,
ਗੁਲਾਮੀ ਦੀ ਲਕੀਰ ਨੂੰ ਸਕਿੰਟਾਂ ਵਿਚ ਕੱਜ ਗਏ।
ਆਜ਼ਾਦੀ ਵਾਲਾ ਡੋਲ ਜਿਨ੍ਹਾਂ ਖੂਹ ਵਿਚ ਡੋਬਿਆ ਸੀ,
ਹਾਇ ਅਫਸੋਸ ਤੋੜ ਰਾਹ ਵਿਚ ਲੱਜ ਗਏ।
ਪਾਕਸਤਾਨ ਨਹੀਂ ਕਬਰਸਤਾਨ ਬਣੂ,
ਫੇਰ ਐਵੇਂ ਕਹਿਣ ਨਾ ਜੀ ਕਵੀ ਪਾਕੇ ਪੁੱਜ ਗਏ।

ਪੰਜਾਬ ਦੀ ਸ਼ਾਨ

ਵੰਡੀ ਜੇਹੜੇ ਪਾਨ ਆਏ ਵੰਡੇ ਗਏ ਓ ਆਪ ਏਥੇ,
ਜ਼ੋਰ ਦੇ ਗੁਮਾਨ ਨਾਲ ਬਣ ਜੇਹੜੇ ਜੱਜ ਗਏ।
ਦੇਸ ਨੂੰ ਬਚਾਣ ਲਈ ਸੁਲੀਆਂ ਤੇ ਹੱਸ ਚੜ੍ਹੇ,
ਆਖਦੇ ਨੇ ਸਾਰੇ ਦੁਖ ਹਿੰਦੀ ਸਹਿਸਹਿ ਰੱਜ ਗਏ।
ਖੋਲ੍ਹ ਅੱਖਾਂ ਝਾਤੀ ਮਾਰ ਆਪਣੀ ਹੀ ਪੀੜੀ ਹੇਠਾਂ,
ਪਤਾ ਨਹੀਂ ਤੈਨੂੰ ਸੂਰੇ ਕਿਵੇਂ ਆਪਾ ਤੱਜ ਗਏ।
ਪੰਜਾਬ ਦੀ ਤੂੰ ਸ਼ਾਨ ਲਈ ਨਿਕਲ ਮਦਾਨ ਵਿਚ,
ਦੱਸਾਂ ਤੈਨੂੰ ਦੇਸ ਤੇ ਨਗਾਰੇ ਮਾਰੂ ਵੱਜ ਗਏ।

ਸਿੱਖ ਦੀ ਆਨ

ਝੁਕ ਗਈ ਧੌਣ ਅਬਦਾਲੀਆਂ ਮਾਨੀਆਂ ਦੀ,
ਝੁਕੀ ਵੇਖੀ ਜਦ ਉਹਨਾਂ ਕਮਾਨ ਤੇਰੀ।
ਚਮਕ ਚਮਕ ਕੇ ਚੰਨ ਨੇ ਦਸਿਆ ਸੀ,
ਏਦਾਂ ਚਮਕੀ ਸੀ ਕਦੇ ਕਿਰਪਾਨ ਤੇਰੀ।

-੧੦੬-