ਪੰਨਾ:ਤਲਵਾਰ ਦੀ ਨੋਕ ਤੇ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ-ਮੰਗ

ਕਿਸੇ ਦੁਧ ਮੰਗਿਆ ਕਿਸੇ ਪੁਤ ਮੰਗਿਆ,

ਕਿਸੇ ਘੜੀ ਦੀ ਘੜੀ ਦੀਦਾਰ ਮੰਗਿਆ।

ਕਿਸੇ ਮੰਗੀ ਟਰੇਨ ਦੀ ਸੈਰ ਕਰਨੀ,

ਕਿਸੇ ਪੈਦਲ ਹੀ ਹੋਣਾ ਸਵਾਰ ਮੰਗਿਆ।

ਕਿਸੇ ਪਕੀ ਪਕਾਈ ਦੀ ਮੰਗ ਮੰਗੀ,

ਕਿਸੇ ਸੂਫੀ ਨੇ ਜਾਮ ਤਿਆਰ ਮੰਗਿਆ |

ਲੁਚੀ ਪੂੜੀ ਦੀ ਕਿਸੇ ਨੇ ਮੰਗ ਮੰਗੀ,

ਬਹੀ ਰੋਟੀ ਤੇ ਕਿਸੇ ਅਚਾਰ ਮੰਗਿਆ।

ਕਿਸੇ ਹਰ ਪ੍ਰਕਾਰ ਪ੍ਰਮਾਤਮਾਂ ਤੋਂ,

ਦਾਲ ਸਾਗ ਪ੍ਰਸ਼ਾਦਾ ਤਿਆਰ ਮੰਗਿਆ |

ਕਿਸੇ ਮੰਗੀਆਂ ਦੌਲਤਾਂ ਬੁਕ ਭਰ ਕੇ,

ਕਿਸੇ ਜੋਬਨ ਤੇ ਕਿਸੇ ਸ਼ਿੰਗਾਰ ਮੰਗਿਆ ।

ਕਿਸੇ ਰੂਸ ਦੇ ਝੰਡੇ ਦੀ ਸ਼ਾਨ ਮੰਗੀ,

ਕਿਸੇ ਮੁਸਲਮ ਤੇ ਹਿੰਦੂ ਪਿਆਰ ਮੰਗਿਆ ।

ਕਿਸੇ ਮੰਗੀ ਜਿਨਾਹ ਦੀ ਬਾਦਸ਼ਾਹੀ,

ਕਿਸੇ ਗਾਂਧੀ ਨੂੰ ਹੋਣਾ ਸਰਦਾਰ ਮੰਗਿਆ।

ਕਿਸੇ ਕਾਂਗਰਸ ਦੀ ਮੰਗ ਮੰਗ ਸਾਈਆਂ,

ਕਿਸੇ ਦੇਸ਼ ਦਾ ਹੋਣਾ ਸੁਧਾਰ ਮੰਗਿਆ।

ਮੇਰੀ ਵੱਖਰੀ ਮੰਗ ਹੈ ਇਹਨਾਂ ਕੋਲੋਂ,

ਸੁਖੀ ਦੇਖਣਾ ਸਾਰਾ ਸੰਸਾਰ ਮੰਗਿਆ।

'ਵੀਰ' ਮੰਗਿਆ ਤੇ ਤਥੋਂ ਕੀ ਮੰਗਿਆ ?

ਸ਼ਰਧਾ ਪੰਥ ਲਈ ਫੁਲਾਂ ਦਾ ਹਾਰ ਮੰਗਿਆ ।

-੧੨੮-