ਪੰਨਾ:ਤਲਵਾਰ ਦੀ ਨੋਕ ਤੇ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰਿਮੰਦਰ ਸਾਹਿਬ

(ਅੰਮ੍ਰਿਤਸਰ)

ਅੰਮ੍ਰਿਤਸਰ ਵਿਚ ਅੰਮ੍ਰਿਤ ਦਾ ਤਾਲ ਭਰਿਆ,
ਤਾਲ ਵਿਚ ਹਰਿਮੰਦਰ ਦੀ ਸ਼ਾਨ ਦੇਖਾਂ।
ਸ਼ਾਨ ਵਿਚ ਮੈਂ ਜਾਗਦੀ ਜੋਤ ਵੇਖਾਂ,
ਓਸ ਜੋਤ ਵਿਚ ਭਗਤਾਂ ਦੀ ਜਾਨ ਦੇਖਾਂ ।
ਭਗਤਾਂ ਵਿਚ ਪਿਆਰ ਦਾ ਰਾਗ ਦੇਖਾਂ,
ਰਾਗ ਵਿਚ ਮੈਂ ਨਚਦੀ ਤਾਨ ਦੇਖਾਂ ।
ਤਾਨ ਵਿਚ ਲਹਿਰਾਂ ਨਚਣ ਤਾਲ ਉਤੇ,
ਓਸੇ ਤਾਲ ਦੇ ਵਿਚ ਕਲਿਆਨ ਦੇਖਾਂ ।

ਵਾਰੇ ਓਸ ਕਲਿਆਨ ਤੋਂ ਕੁਲ ਦੁਨੀਆਂ,
ਅੱਖਾਂ ਸਾਹਮਣੇ ਹੁੰਚੀ ਕੁਰਬਾਨ ਦੇਖਾਂ।
ਸਚੇ ਪਾਤਸ਼ਾਹ ਤੇਰੇ ਦਰਬਾਰ ਅੰਦਰ,
ਸੋਹਣੇ ਝੂਲਦੇ ਉਚੇ ਨਿਸ਼ਾਨ ਦੇਖਾਂ।

ਜੀਹਨੇ ਜਾਪ ਤੇਰਾ ਸਤਿਗੁਰ ਜਪ ਲੀਤਾ,
ਜੂਨਾਂ ਜਨਮਾਂ ਤੋਂ ਸਦਾ ਲਈ ਟਰ ਗਿਆ ਉਹ
ਚਰਨ ਧੂੜ ਤੇਰੀ ਚੁੰਮ ਕੇ ਸ਼ਹਿਨਸ਼ਾਹਾ,
ਨਾਮ ਆਪਣਾ ਤਾਂ ਰੌਸ਼ਨ ਕਰ ਗਿਆ ਉਹ ।
ਤੇਰੇ ਅੰਮ੍ਰਿਤ ਦੀ ਚਖ ਕੇ ਬੂੰਦ ਸਾਈਆਂ,
ਹਿਰਦਾ ਹੋਇਆ ਸੀਤਲ ਗੁਰਮੁਖ ਠਰ ਗਿਆ
ਤੇਰੇ ਤਾਲ ਅੰਦਰ ਜਿਸ ਨੇ ਲਾਈ ਤਾਰੀ,
ਸੱਚੀ ਦੋਹਾਂ ਜਹਾਨਾਂ ਤੋਂ ਤੁਰ ਗਿਆ ਉਹ ।

-੭੯-