ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਗ਼ਜ਼ਲ ਦਾ ਵਾਰਿਸ———ਗੁਰਭਜਨ ਗਿੱਲ

ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਗੁਰਭਜਨ ਗਿੱਲ ਇਕ ਸੁਪ੍ਰਸਿੱਧ ਅਤੇ ਸਸ਼ਕਤ ਹਸਤਾਖ਼ਰ ਵਜੋਂ ਸਥਾਪਿਤ ਹੋ ਚੁੱਕਾ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿਚ ਉਸ ਦਾ ਰੁਤਬਾ ਬੁਲੰਦ ਹੈ। ਨਿਰੋਲ ਸਾਹਿਤਕ ਰਚਨਾਕਾਰੀ ਕਰਕੇ ਕਿਸੇ ਵਿਰਲੇ ਸ਼ਖ਼ਸ ਨੂੰ ਜੀਊਂਦੇ-ਜੀਅ ਏਨੀ ਹਰਮਨ ਪਿਆਰਤਾ ਅਤੇ ਲੋਕ ਮਾਨਤਾ ਮਿਲਦੀ ਹੈ। ਉਸ ਦੀਆਂ ਗ਼ਜ਼ਲ ਪੁਸਤਕਾਂ 'ਹਰ ਧੁਖਦਾ ਪਿੰਡ ਮੇਰਾ ਹੈ', 'ਮਨ ਦੇ ਬੂਹੇ ਬਾਰੀਆਂ' ਅਤੇ 'ਮੋਰ ਪੰਖ' ਹੋਰ ਕਾਵਿ-ਪੁਸਤਕਾਂ ਤੋਂ ਵਧੇਰੇ ਚਰਚਾ ਵਿਚ ਰਹੀਆਂ। ਗੁਰਭਜਨ ਗਿੱਲ ਦਾ ਸਾਹਿਤਕ ਸਫ਼ਰ ਬੜਾ ਮਾਣਮੱਤਾ ਅਤੇ ਫ਼ੈਲਵਾਂ ਹੈ ਪਰੰਤੂ ਮੇਰੇ ਸਨਮੁਖ ਉਹ ਇਕ ਐਸਾ ਗ਼ਜ਼ਲਕਾਰ ਹੈ ਜਿਸ ਨੇ ਪੰਜਾਬੀ ਗ਼ਜ਼ਲ ਨੂੰ ਸ਼ੁੱਧ ਪੰਜਾਬੀ ਚਿਹਰਾ ਦਿਵਾਇਆ ਅਤੇ ਉਸ ਦੀ ਪਰਿਭਾਸ਼ਾ ਨੂੰ ਬਦਲ ਕੇ ਰੱਖ ਦਿੱਤਾ। ਪੰਜਾਬੀ ਗ਼ਜ਼ਲ ਦਾ ਨਵਾਂ ਮੁਹਾਂਦਰਾ ਅਤੇ ਨਵਾਂ ਕਾਵਿ-ਪੈਰਾਡਾਈਮ ਗਿੱਲ ਦੀਆਂ ਗ਼ਜ਼ਲਾਂ ਤੋਂ ਹੀ ਸਾਹਮਣੇ ਆਇਆ। ਉਸ ਦੀਆਂ ਗ਼ਜ਼ਲਾਂ ਵਿਚਾਰਧਾਰਕ ਪੱਧਰ ਉੱਤੇ ਅਨੇਕਾਂ ਦਿਸਹੱਦਿਆਂ ਦੀ ਉਸਾਰੀ ਕਰਦੀਆਂ ਹੋਈਆਂ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਪ੍ਰਵਚਨ ਬਣ ਕੇ ਮਾਨਵਤਾ ਦੇ ਕਲਿਆਣ ਸੰਦਰਭ ਨਾਲ ਜੁੜੀਆਂ ਹਨ। ਉਸ ਦੀਆਂ ਗ਼ਜ਼ਲਾਂ ਦੀ ਵਿਚਾਰਧਾਰਾ ਪ੍ਰਬੁੱਧਤਾ ਦੇ ਚਿਹਨਾਂ ਰਾਹੀਂ ਕਿਸੇ ਇਕ ਵਿਚਾਰਧਾਰਾ ਦੀ ਸਰਦਾਰੀ ਨੂੰ ਕਬੂਲਣ ਦੀ ਬਜਾਏ ਬਹੁਜਨ ਹਿਤਾਏ ਦੀ ਵਿਚਾਰਧਾਰਾ ਦੇ ਕੇਂਦਰੀ ਭਾਵ ਦੀ ਸਪਸ਼ਟ ਅੱਕਾਸੀ ਕਰਦੀਆਂ ਹਨ। ਗਿੱਲ ਆਪਣੇ ਆਂਤ੍ਰਿਕ ਅਤੇ ਆਤਮ ਯਥਾਰਥ ਤੋਂ ਸਮਵਿੱਥ ਸਿਰਜ ਕੇ ਅਤੇ ਬਾਹਰ ਆ ਕੇ ਸ਼ਿਅਰਾਂ ਦੀ ਸਿਰਜਣਾ ਕਰਦਾ ਹੈ। ਉਸ ਦੇ ਸ਼ਿਅਰਾਂ ਦੇ ਅਰਥ ਸੰਕੁਚਤ ਅਤੇ ਮੀਸਣੇ ਨਹੀਂ ਰਹਿੰਦੇ ਅਤੇ ਖੇਤਾਂ ਬੰਨਿਆਂ ਅਤੇ ਕੁੱਲ ਪੰਜਾਬੀ ਸਭਿਆਚਾਰ ਦੇ ਧਾਰਨੀ ਹੋ ਨਿਬੜਦੇ ਹਨ। ਗਿੱਲ ਦੀਆਂ ਗ਼ਜ਼ਲਾਂ ਦਾ ਕਾਵਿ-ਪੈਰਾਡਾਈਮ ਜਿਥੇ ਪਿੰਡ ਅਤੇ ਪੁਰਖਿਆਂ ਦੀਆਂ ਅਨੂਠੀਆਂ ਅਤੇ ਖੱਟੀਆਂ-ਮਿੱਠੀਆਂ ਸਿਮਰਤੀਆਂ ਸਾਂਭ ਕੇ ਤੁਰਦਾ ਹੈ, ਓਥੇ ਦੇਸ਼ਾਂ-ਦੇਸ਼ਾਂਤਰਾਂ ਦੇ ਅਤੇ ਯੂਰਪੀ-ਅਮਰੀਕੀ ਸਭਿਆਚਾਰਾਂ ਦੇ ਸਨਮੁਖ ਪੰਜਾਬੀਅਤ ਦੀਆਂ ਮੋਹਪਰਕ ਤੰਦਾਂ ਨੂੰ ਵੀ ਬਚਾ ਕੇ ਅਤੇ ਸਿਰਜਣਾ ਦੇ ਮੇਚ ਦੀਆਂ ਕਰਕੇ ਰੱਖਦਾ ਹੈ। ਗਿੱਲ ਦੇ ਪੈਰ ਆਪਣੇ ਪਿੰਡ ਦੀ ਪ੍ਰਥਾਇ ਪੰਜਾਬੀ ਕਿਰਸਾਨੀ ਵਿਚ ਹੁੰਦੇ ਹਨ, ਪਰ ਉਸ ਦਾ ਸਿਰ ਅਤੇ ਚਿੰਤਨ ਸੰਸਾਰ ਦੇ ਗਲੋਬਲੀ ਖੇਤਰਾਂ ਵਿਚ ਵਿਚਰਦਾ ਹੈ। ਪਿੰਡ ਤੋਂ ਸ਼ਹਿਰ ਅਤੇ ਪੰਜਾਬ ਤੋਂ ਬਾਹਰਲੇ ਦੇਸਾਂ ਵੱਲ ਹੋ ਰਿਹਾ ਪੰਜਾਬੀਆਂ ਦਾ ਪਰਵਾਸ, ਪੰਜਾਬੀ ਸਭਿਆਚਾਰ ਦੇ ਅੰਦਰਵਾਰ ਕਈ ਨੰਗ-ਮੁਨੰਗੇ ਜਜ਼ੀਰੇ ਸਿਰਜ ਰਿਹਾ ਹੈ। ਇਕ ਪਾਸੇ ਪੰਜਾਬੀ ਗੱਭਰੂ ਰੁਜ਼ਗਾਰ ਦੀ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /10