ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਾਤਰ ਬਾਹਰਲੇ ਦੇਸ਼ਾਂ ਦੀਆਂ ਸੜਕਾਂ ਉੱਤੇ ਰੁਲ ਰਹੇ ਹਨ, ਉਥੇ ਦੂਜੇ ਪਾਸੇ ਪੰਜਾਬ ਵਿਚ ਉਨ੍ਹਾਂ ਦੇ ਬੁੱਢੇ ਮਾਪੇ ਮਜਬੂਰੀਆਂ ਦੀ ਵਹਿੰਗੀ ਵਿਚ ਬੈਠੇ ਹੋਏ ਸਰਵਣ ਪੁੱਤਰਾਂ ਨੂੰ ਉਡੀਕ ਰਹੇ ਹਨ। ਇਸ ਦੁਖਾਂਤ ਭਰੀ ਸਥਿਤੀ ਨੂੰ ਗਿੱਲ ਨੇ ਬੜੀ ਸ਼ਿੱਦਤ ਨਾਲ ਆਪਣੇ ਸ਼ਿਅਰਾਂ ਵਿਚ ਢਾਲਿਆ ਹੈ। ਗਿੱਲ ਗਰੀਬ ਕਿਰਸਾਨੀ ਵਿਚ ਪੈਦਾ ਹੋਇਆ ਤੇ ਫੱਟੀ ਤੇ ਬੋਰੀ ਨਾਲ ਆਪਣੇ ਪਿੰਡ ਬਸੰਤਕੋਟ (ਗੁਰਦਾਸਪੁਰ) ਦੇ ਸਰਕਾਰੀ ਪ੍ਰਾਇਮਰੀ ਸਕੂਲੇ ਪੜ੍ਹਿਆ। ਉਸ ਨੂੰ ਪਿੰਡਾਂ ਦੀ ਅੰਦਰੂਨੀ ਖ਼ੁਸ਼ਬੂ ਵੀ ਐਨ ਯਾਦ ਹੈ ਪਰ ਨਿੱਕੀ ਕਿਸਾਨੀ ਦਾ ਦੁਖਦਾ ਹਿਰਦਾ ਵੀ ਉਸ ਦੀਆਂ ਗ਼ਜ਼ਲਾਂ ਵਿਚ ਨਬਜ਼ ਵਾਂਗ ਤੜਫ਼ਦਾ ਰਹਿੰਦਾ ਹੈ। ਪਿੰਡਾਂ ਵਿਚ ਵਾਪਰੇ ਅੱਤਵਾਦ ਦੇ ਦੁਖਾਂਤ ਨੂੰ ਬਹੁਤ ਨੇੜਿਓਂ ਵੇਖਿਆ ਹੀ ਨਹੀਂ ਸਗੋਂ ਸਰੀਰ ਅਤੇ ਆਤਮਾ ਉੱਤੇ ਹੰਢਾਇਆ ਵੀ। ਇਸ ਪੰਜਾਬ ਦੁਖਾਂਤ ਨੂੰ ਜਿਸ ਸ਼ਿੱਦਤ ਨਾਲ ਗਿੱਲ ਨੇ ਆਪਣੀਆਂ ਗ਼ਜ਼ਲਾਂ ਵਿਚ ਚਿਤਰਿਆ ਹੈ, ਉਹ ਕਿਸੇ ਹੋਰ ਗ਼ਜ਼ਲਕਾਰ ਦੇ ਹਿੱਸੇ ਨਹੀਂ ਆਇਆ।

ਗੁਰਭਜਨ ਨੇ ਆਪਣੀਆਂ ਸਾਦਗੀ ਭਰਪੂਰ ਸ਼ਿਅਰੀ ਬਿਆਨਾਂ ਨਾਲ ਸਮਕਾਲੀ ਪੰਜਾਬੀ ਗ਼ਜ਼ਲਕਾਰਾਂ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ, ਸਗੋਂ ਗ਼ਜ਼ਲ ਦੀ ਘੇਰਾਬੰਦੀ ਤੋਂ ਬਾਹਰ ਆ ਕੇ ਲੋਕਾਂ ਨਾਲ ਖਲੋਣ ਦੀ ਪਹਿਲ ਕੀਤੀ। ਗਿੱਲ ਉਨ੍ਹਾਂ ਗ਼ਜ਼ਲਕਾਰਾਂ ਵਿਚੋਂ ਹੈ, ਜਿੰਨ੍ਹਾਂ ਨੇ ਹਥਿਆਰ ਨਾ ਹੁੰਦਿਆਂ ਵੀ ਸ਼ਬਦ ਨੂੰ ਹਥਿਆਰ ਮੰਨਿਆ ਤੇ ਵਰਤਿਆ ਹੈ। ਉਸ ਨੂੰ ਸ਼ਬਦ ਦੀ ਅਥਾਹ ਸ਼ਕਤੀ ਦਾ ਇਲਮ ਹੈ। ਉਸ ਦੇ ਸ਼ਬਦ ਘੁੱਪ ਹਨੇਰਿਆਂ ਵਿਚ ਦੀਵਿਆਂ ਵਾਂਗ ਜਗਦੇ ਤੇ ਜੁਗਨੂੰਆਂ ਵਾਂਗ ਟਿਮਟਿਮਾਉਂਦੇ ਹਨ। ਉਹ ਸ਼ਿਅਰ ਨੂੰ ਐਨੇ ਸਹਿਜ ਨਾਲ ਘੜਦਾ ਤੇ ਪੇਸ਼ ਕਰਦਾ ਹੈ ਕਿ ਦਿਲ ਮੰਨਣ ਤੇ ਮਨ ਸੋਚਣ ਲਈ ਜਾਗ ਉੱਠਦਾ ਹੈ। ਨਿਰਸੰਦੇਹ ਗੁਰਭਜਨ ਦੀ ਗ਼ਜ਼ਲ ਦਾ ਆਧੁਨਿਕ ਆਤਮ ਬੋਧ-ਯੁੱਗ ਹਾਸ਼ੀਆ-ਗ੍ਰਸਤ ਲੋਕਾਂ ਨੂੰ ਆਪਣੇ ਪ੍ਰਵਚਨਾਂ ਦੇ ਸਫ਼ਿਆਂ ਵਿਚ ਸਥਾਨ ਦੇਂਦਾ ਹੋਇਆ ਲੋਕਤਾ ਨੂੰ ਕੇਂਦਰ ਬਿੰਦੂ ਬਣਾਉਂਦਾ ਹੈ। ਇਸ ਕੇਂਦਰ ਬਿੰਦੂ ਦੀ ਨਿਸ਼ਾਨਦੇਹੀ ਹੀ ਉਸ ਦੀਆਂ ਗ਼ਜ਼ਲਾਂ ਕਰਦੀਆਂ ਹਨ। ਗਿੱਲ ਨੇ ਪੰਜਾਬੀਆਂ ਦੇ ਸਦਾਚਾਰ ਅਤੇ ਸਭਿਆਚਾਰ ਦੇ ਮੁੱਢਲੇ ਆਧਾਰਾਂ ਨੂੰ ਸ਼ਿਅਰਾਂ ਦਾ ਵਿਸ਼ਾ ਬਣਾਇਆ ਹੈ। ਸਨਾਤਨੀ ਗ਼ਜ਼ਲ ਵਿਚ ਇਹ ਅੰਸ਼ ਨਾਮਮਾਤਰ ਸਨ ਅਤੇ ਸ਼ਿਅਰਾਂ ਦਾ ਕੇਂਦਰ ਬਿੰਦੂ 'ਔਰਤ ਨਾਲ ਗੱਲਾਂ ਕਰਨ' ਵਾਲਾ ਹੀ ਉਜਾਗਰ ਸੀ। ਗੁਰਭਜਨ ਜੇਕਰ ਔਰਤਾਂ ਨਾਲ ਵੀ ਗੱਲਾਂ ਕਰਦਾ ਹੈ ਤਾਂ ਉਹ ਪਰਦੇ ਅੰਦਰ ਨਹੀਂ ਕਰਦਾ ਸਗੋਂ ਇਕ ਸੁਤੰਤਰ ਨਾਰੀ ਨਾਲ ਵਾਰਤਾ ਵਜੋਂ ਕਰਦਾ ਹੈ ਤੇ ਉਸ ਨਾਰ ਨੂੰ ਆਪਣੇ ਪ੍ਰਵਚਨਾਂ ਦਾ ਹਿੱਸਾ ਬਣਾ ਲੈਂਦਾ ਹੈ। ਉਸ ਦੀਆਂ ਪ੍ਰਸਤੁਤ ਔਰਤਾਂ ਵਾਰਿਸ ਸ਼ਾਹ ਦੀਆਂ 'ਰੰਨਾਂ' ਨਹੀਂ ਸਗੋਂ 'ਪੰਜਾਬਣਾਂ' ਹਨ। ਇਹ ਸ਼ਿਅਰਕਾਰੀ ਅਸਲ ਅਰਥਾਂ ਵਿਚ ਪੰਜਾਬੀ ਆਚਰਣ ਦੀ ਪੇਸ਼ਕਾਰੀ ਹੈ। ਗਿੱਲ ਦੇ ਬਿੰਬ ਅਤੇ ਚਿੰਨ੍ਹ ਅਜੋਕੇ ਪੰਜਾਬੀ ਦੇ ਵਰਤਾਰੇ ਵਿਚੋਂ ਹਨ ਜਿਵੇਂ ਕਿ ਸੂਫ਼ੀਆਂ ਨੇ ਤਤਕਾਲੀ ਚਿੰਨ੍ਹ ਅਤੇ ਬਿੰਬ ਵਰਤ ਕੇ ਆਪਣੇ ਕਾਵਿ ਵਿਚ ਪੰਜਾਬੀਅਤ ਦੀ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /11