ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਿਕ ਭਰ ਦਿੱਤੀ ਸੀ। ਗਿੱਲ ਦੇ ਸ਼ਿਅਰਾਂ ਵਿਚ ਵੀ ਪੰਜਾਬੀ ਵਿਰਸੇ ਦੀਆਂ ਸਮੁੱਚੀਆਂ ਪਰਤਾਂ ਖੁੱਲ੍ਹਦੀਆਂ ਹਨ।

ਪੰਜਾਬੀ ਗ਼ਜ਼ਲ ਬਾਰੇ ਬਹੁਤ ਸਮਾਂ ਗ਼ਲਤ ਪਰਿਭਾਸ਼ਾ ਤੁਰੀ ਰਹੀ ਅਤੇ ਇਸ ਦੇ ਇਤਿਹਾਸ ਬਾਰੇ ਵੀ ਹਾਸੋਹੀਣੇ ਤਰਕ ਦਿੱਤੇ ਜਾਂਦੇ ਰਹੇ। ਕਿਹਾ ਜਾਂਦਾ ਰਿਹਾ ਕਿ ਪੰਜਾਬੀ ਗ਼ਜ਼ਲ ਅਰਬੀ-ਫ਼ਾਰਸੀ ਵੱਲੋਂ ਉਰਦੂ ਦੇ ਮੋਢਿਆਂ ਉੱਤੇ ਚੜ੍ਹ ਕੇ ਪੰਜਾਬ ਆਈ। ਪਰ ਮੈਂ ਹਮੇਸ਼ਾਂ ਇਸ ਵਿਚਾਰ ਦਾ ਧਾਰਨੀ ਰਿਹਾ ਹਾਂ ਕਿ ਪੰਜਾਬੀ ਗ਼ਜ਼ਲ ਆਪਣੇ ਜਨਮ ਤੋਂ ਹੀ ਪੰਜਾਬੀ ਲਹਿਜੇ ਵਾਲੀ ਅਤੇ ਪੰਜਾਬੀ ਰਹਿਤ ਤੇ ਕਾਵਿ-ਰਵਾਇਤ ਦੀ ਧੀ ਸੀ। ਅਰਬੀ ਗ਼ਜ਼ਲ ਅਮੀਰਾਂ ਸ਼ੇਖ਼ਾ ਦਾ ਮੀਰਾਸਪੁਣਾ ਕਰਦੀ ਸੀ ਪਰ ਪੰਜਾਬੀ ਗ਼ਜ਼ਲ ਬਾਬੇ ਨਾਨਕ ਦੀ ਪ੍ਰਥਾਇ 'ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਇ ਜਗਾਇਣ ਬੈਠੇ ਸੁੱਤੇ' ਦੇ ਅਰਥਾਂ ਵਿਚ ਹੀ ਜੁਆਨ ਹੋਈ। ਉਰਦੂ ਦੀ ਗ਼ਜ਼ਲ ਦੇ ਪੈਰੀਂ ਘੁੰਗਰੂ ਸਨ ਜਿਹੜੇ ਸ਼ਰਾਬੀ ਕਬਾਬੀ ਅਮੀਰਾਂ ਤੇ ਜਗੀਰਦਾਰਾਂ ਦੀਆਂ ਹਵੇਲੀਆਂ ਵਿਚ ਛਣਕਦੇ ਸਨ। ਪਰ ਪੰਜਾਬੀ ਗ਼ਜ਼ਲ ਪੰਜਾਬੀਅਤ ਦੇ ਮਸਲੇ ਲੈ ਕੇ ਅਗਾਂਹ ਵਧੀ। ਪੰਜਾਬੀ ਦੀ ਤਤਕਾਲੀ ਕਵਿਤਾ ਵਿਚ ਜਿਹੜੇ ਸਰੋਕਾਰ ਸਨ, ਉਹ ਹੀ ਪੰਜਾਬੀ ਗ਼ਜ਼ਲ ਦੇ ਸਰੋਕਾਰ ਬਣੇ। ਤਦ ਹੀ ਉਹ ਪੰਜਾਬੀ ਗ਼ਜ਼ਲ ਬਣੀ। ਉਰਦੂ ਫ਼ਾਰਸੀ ਪੜ੍ਹੇ ਲਿਖੇ ਗਜ਼ਲਕਾਰਾਂ ਨੇ ਪੰਜਾਬੀ ਗ਼ਜ਼ਲ ਵਿਚ ਵੱਡਾ ਪ੍ਰਦੂਸ਼ਣ ਫੈਲਾਇਆ। ਉਹ ਉਰਦੂ ਗ਼ਜ਼ਲਾਂ ਦਾ ਚਰਬਾ ਢਾਲ ਕੇ ਪੇਸ਼ ਕਰਦੇ ਅਤੇ ਫ਼ਾਰਸੀ ਦੇ ਔਖੇ ਸ਼ਬਦ ਵਰਤ ਕੇ ਰੋਹਬ ਜਮਾਉਂਦੇ। ਪੰਜਾਬੀ ਸ਼ਬਦਾਂ ਦਾ ਤਲੱਫਜ਼ ਵੀ ਉਰਦੂ ਵਾਲੇ ਨਿਰਧਾਰਤ ਕਰਦੇ ਰਹੇ। ਸ਼ਬਦ ਪੰਜਾਬ ਦੇ, ਪਰ ਤੋਲ ਉਰਦੂ ਵਾਲੇ ਨਿਰਧਾਰਤ ਕਰਦੇ ਰਹੇ। ਇਹ ਕਿੰਨਾ ਅਨਿਆਏ ਸੀ। ਅੱਜ ਪੰਜਾਬੀ ਗ਼ਜ਼ਲਕਾਰ ਇਕ ਤਾਂ ਸ਼ਬਦਾਂ ਦੇ ਉਚਾਰਣ ਦੇ ਪ੍ਰਸ਼ਨ ਉੱਤੇ ਉਰਦੂ ਦੀਆਂ ਲੁਗਾਤਾਂ ਨਾਲ ਮੱਥਾ ਨਹੀਂ ਮਾਰਦੇ, ਸਗੋਂ 'ਜਿਵੇਂ ਬੋਲੇ ਤਿਵੇਂ ਲਿਖੋ ਦੇ' ਭਾਸ਼ਾਈ ਵਿਗਿਆਨ ਨਾਲ ਸਹਿਜ ਨਾਲ ਜੁੜ ਕੇ ਸ਼ਿਅਰ ਕਾਰੀ ਕਰਦੇ ਹਨ ਅਤੇ ਦੂਜੇ ਉਹ ਪਿੰਗਲ ਦੇ ਛੰਦ ਅਤੇ ਫੇਲੁਨੀ ਛੰਦ/ਬਹਿਰ ਮਾਣ ਨਾਲ ਆਪਣੀਆਂ ਗ਼ਜ਼ਲਾਂ ਵਿਚ ਲੈ ਰਹੇ ਹਨ। ਇਸ ਤਰ੍ਹਾਂ ਪੰਜਾਬੀ ਗ਼ਜ਼ਲ ਵਿਚ ਪੰਜਾਬੀ ਦੀ ਅਮੀਰ ਕਾਵਿ-ਪਰੰਪਰਾ ਦਾ ਉਦਭਵ ਹੋਇਆ ਹੈ ਅਤੇ ਇਹ ਲੋਕਾਂ ਦੇ ਨੇੜੇ ਗਈ ਹੈ। ਇਹ ਸਾਰੇ ਗੁਣ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਹਨ।

ਗੁਰਭਜਨ ਦੀ ਜਿਹੜੀ ਗ਼ਜ਼ਲ ਹੈ ਉਹ ਪੰਜਾਬਣ ਮੁਟਿਆਰ ਹੈ। ਹੁਣ ਉਸ ਨੂੰ ਵਾਫਰ ਮੱਤਾਂ ਦੇਣ ਦੀ ਜ਼ਰੂਰਤ ਨਹੀਂ। ਇਸ ਪੰਜਾਬਣ ਧੀ ਨੂੰ ਆਪਣੇ ਆਲੇ-ਦੁਆਲੇ ਦੇ ਸਮਾਜਕ ਰਿਸ਼ਤਿਆਂ ਦਾ ਪਤਾ ਹੈ। ਗਿੱਲ ਦੀ ਗ਼ਜ਼ਲ-ਧੀ ਨੂੰ ਖ਼ੂਬ ਪਤਾ ਹੈ ਕਿ ਉਸ ਤੋਂ ਕੀ-ਕੀ ਆਸਾਂ ਹਨ? ਏਸੇ ਲਈ ਉਸ ਦੀ ਗ਼ਜ਼ਲ ਵਿਚ ਮਨਮੋਹਨੀ ਹਯਾ ਵੀ ਹੈ ਪਰ ਕਿਸੇ ਦੀ ਮੈਲੀ ਅੱਖ ਵਾਸਤੇ ਨਫ਼ਰਤ ਵੀ ਹੈ। ਇਹ ਮੁਟਿਆਰ ਗ਼ਜ਼ਲ ਹੁਣ ਚਾਰ ਦੀਵਾਰੀਆਂ ਵਿਚ ਕੈਦ ਨਹੀਂ ਅਤੇ ਨਾ ਹੀ ਰਜਵਾੜਿਆਂ ਅਤੇ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /12