ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰਭਜਨ ਗਿੱਲ

ਸਮਕਾਲੀ ਵਿਦਵਾਨ ਆਲੋਚਕਾਂ ਤੇ ਸਾਹਿਤਾਰਥੀਆਂ ਦੀ ਨਜ਼ਰ ਵਿਚ

*ਗੁਰਭਜਨ ਗਿੱਲ ਦੀ ਸ਼ਾਇਰੀ ਕਿਸੇ ਵੱਡੀ ਲੜਾਈ ਲੜਨ ਦੀ ਲੋੜ ਦਾ ਜ਼ੋਰਦਾਰ ਅਹਿਸਾਸ ਕਰਵਾਉਂਦੀ ਹੈ, ਜਿਹੜੀ ਲੜਾਈ ਗੁਪਤ ਪ੍ਰਗਟ ਅਨੇਕਾਂ ਸੰਸਥਾਵਾਂ ਵਿਅਕਤੀਆਂ, ਰੀਤਾਂ ਰੁਚੀਆਂ ਤੇ ਬਿਰਤੀਆਂ ਦੇ ਖ਼ਿਲਾਫ਼ ਲੜੀ ਜਾਣੀ ਹੈ, ਆਰਥਿਕ ਸ਼ੋਸ਼ਣ ਦੇ ਖ਼ਿਲਾਫ਼, ਸਭਿਆਚਾਰਕ ਪ੍ਰਦੂਸ਼ਣ ਦੇ ਖ਼ਿਲਾਫ਼, ਕਾਲੇ ਹੁਕਮਾਂ ਦੇ ਖ਼ਿਲਾਫ਼, ਖੜੋਤ ਦੇ ਖ਼ਿਲਾਫ਼, ਸਾਰੇ ਨਿਜ਼ਾਮ ਦੇ ਖ਼ਿਲਾਫ਼, ਨਸ਼ੀਲੇ ਪਦਾਰਥਾਂ ਅਤੇ ਜ਼ਹਿਰਾਂ ਦੇ ਵਣਜਾਰਿਆਂ ਦੇ ਖ਼ਿਲਾਫ਼, ਬਿਜਲਈ ਸੰਚਾਰ ਮਾਧਿਅਮਾਂ ਰਾਹੀਂ ਸਾਡੇ ਘਰਾਂ ਵਿਚ ਨਿਰਵਸਤਰ ਸਦਾਚਾਰ ਦੇ ਪ੍ਰਚਾਰ ਕਰਨ ਵਾਲੇ ਮੁਸ਼ਟੰਡਿਆਂ ਦੇ ਖ਼ਿਲਾਫ਼, ਰੰਗ-ਬਿਰੰਗੇ ਨਾਅਰਿਆਂ ਦੇ ਗੁਬਾਰਿਆਂ ਦੇ ਖ਼ਿਲਾਫ਼, ਯੋਜਨਾ ਭਵਨਾਂ ਵਿਚ ਬੈਠੇ ਜੁਗਾੜ-ਪੰਥੀਆਂ ਦੇ ਖ਼ਿਲਾਫ਼, ਅਬਦਾਲੀਆਂ, ਹਿਟਲਰਾਂ, ਮੁਸੋਲਿਨੀਆਂ ਦੇ ਖ਼ਿਲਾਫ਼, ਉਸ ਧੌਲਦਾੜੀਏ ਟੋਲੇ ਦੇ ਖ਼ਿਲਾਫ਼ ਜਿਸ ਨੇ ਇਸ ਮਹਾਨ ਦੇਸ਼ ਨੂੰ ਇਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ, ਫ਼ੈਸ਼ਨ-ਮੁਖੀ ਸਾਹਿਤਕ ਵਾਦਾਂ ਦੇ ਖ਼ਿਲਾਫ਼ ਅਤੇ ਪਥਰੀਲੇ ਅਹਿਸਾਸਾਂ ਦੇ ਖ਼ਿਲਾਫ਼... ਇਨ੍ਹਾਂ ਸਾਰੇ ਦੁਖਾਂਤਕ ਅਨੁਭਵਾਂ ਦੇ ਰੂਬਰੂ ਗੁਰਭਜਨ ਦੀ ਕਵਿਤਾ ਉਦਾਸੀ, ਆਕ੍ਰੋਸ਼ ਅਤੇ ਸੰਘਰਸ਼ ਦੇ ਸੰਕਲਪਾਂ ਵਿਚੋਂ ਲੰਘਦੀ ਹੈ....ਅਰਦਾਸ, ਆਸ ਤੇ ਸੰਘਰਸ਼ ਨੂੰ ਬਿਆਨਦੀ ਸਰੋਦੀ ਸਤਰਾਂ ਸਿਰਜਣ ਦੇ ਸਮਰੱਥ ਅਤੇ ਪੰਜਾਬੀ ਗ਼ਜ਼ਲ ਨੂੰ ਸਹੀ ਅਰਥਾਂ ਵਿਚ ਪੰਜਾਬਣ ਬਣਾਉਣ ਵਿਚ ਯੋਗਦਾਨ ਪਾਉਣ ਵਾਲੀ ਇਸ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ ਮੈਂ ਇਸ ਵਿਸ਼ਵਾਸ ਦਾ ਧਾਰਨੀ ਹਾਂ ਕਿ ਇਹ ਪੁਸਤਕ ਮਾਨਵਤਾ, ਪੰਜਾਬ, ਸਰੋਦ ਤੇ ਗ਼ਜ਼ਲ ਨੂੰ ਪਿਆਰ ਕਰਨ ਵਾਲੇ ਪਾਠਕਾਂ ਦਾ ਧਿਆਨ ਅਤੇ ਪਿਆਰ ਅਵੱਸ਼ ਹੀ ਆਕਰਸ਼ਿਤ ਕਰੇਗੀ।

-ਸੁਰਜੀਤ ਪਾਤਰ (ਡਾ.)

* ਗੁਰਭਜਨ ਗਿੱਲ ਦੀ ਰਚਨਾ ਇਕ ਢੰਗ ਨਾਲ ਲੇਖਕ ਦਾ ਐਲਾਨਨਾਮਾ ਹੈ ਕਿ ਉਸ ਨੇ ਪਰੰਪਰਾਗਤ ਨੈਤਿਕ ਕਦਰਾਂ ਕੀਮਤਾਂ ਲਈ ਸਮਾਜ ਵਿਰੋਧੀ ਤਾਕਤਾਂ ਵਿਰੁੱਧ ਨਿਰੰਤਰ ਲੜਨਾ ਹੈ ਅਤੇ ਅਜਿਹਾ ਕਰਦਿਆਂ ਉਸ ਨੇ ਸਮਾਜ ਜਾਂ ਸੱਤਾ ਦੁਆਰਾ ਵਿਅਕਤੀ ਦੇ ਸ਼ੋਸ਼ਣ ਨੂੰ ਸਮਾਪਤ ਕਰਨਾ ਹੈ। ਇਹ ਸਮਝਾਉਣੀ ਉਹ ਨਾਅਰੇਬਾਜ਼ੀ ਜਾਂ ਖੜਕਵੇਂ ਪਿੰਗਲ ਵਰਤ ਕੇ ਨਹੀਂ ਦਿੰਦਾ, ਸਗੋਂ ਸਹਿਜਭਾਵੀ ਢੰਗ ਨਾਲ ਲੋਕਾਇਣ ਵਿਚੋਂ ਅਜਿਹੇ ਬਿੰਬ ਜਾਂ ਪ੍ਰਤੀਕ ਚੁਣ ਕੇ ਦੇਂਦਾ ਹੈ, ਜਿਹੜੇ ਕਿ ਹਰ ਪੰਜਾਬੀ ਦੇ ਚੇਤੇ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਉਸ ਦੀ ਸ਼ਾਇਰੀ ਸਮਕਾਲੀ ਸਦੀਵਤਾ ਦੀ ਹਾਣੀ ਹੋ ਨਿਬੜਦੀ ਹੈ।

-ਪ੍ਰੋ. ਸੁਰਿੰਦਰ ਸਿੰਘ ਨਰੂਲਾ ਡੀ.ਲਿਟ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/134