ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਜ਼ਾਰੀ ਵਸਤ ਬਣ ਕੇ ਵਿਚਰਣ ਦੀ ਹੋਂਦ ਉੱਤੇ ਅੱਥਰੂ ਹੀ ਨਹੀਂ ਕਰਦਾ ਸਗੋਂ ਮਨੁੱਖ ਨੂੰ ਵਸਤੂਤਵ ਤੋਂ ਫੇਰ ਤੋਂ ਆਜ਼ਾਦ ਹਸਤੀ ਬਣਾਉਣ ਲਈ, ਉਸ ਲਈ ਵਿਚਾਰਾਂ ਦੀ ਖੇਤੀ ਕਰਦਾ ਹੈ। ਪਿੰਡ ਦੇ ਬੰਦੇ ਨੇ ਸ਼ਹਿਰ ਵਿਚ ਆ ਕੇ ਆਪਣੀ ਹੋਂਦ ਗੁਆ ਲਈ ਹੈ। ਸ਼ਹਿਰ ਵਿਚ ਉਹਦੀ ਪਛਾਣ ਕਾਰਾਂ, ਕੋਠੀਆਂ ਤੇ ਪਲਾਟਾਂ ਨਾਲ ਤਸਦੀਕ ਹੁੰਦੀ ਹੈ। ਸਾਰਾ ਸ਼ਹਿਰ ਮਕਾਨਾਂ ਦੀ ਬਸਤੀ ਮਾਤਰ ਹੋ ਗਿਆ ਹੈ। ਸਾਰੇ ਮਕਾਨ ਮਹਿਜ਼ ਇਕਸਾਰ ਮਕਾਨ ਹਨ, ਜਿਹੜੇ ਚਮਕਦੇ ਪੱਥਰਾਂ ਦੇ ਬਣੇ ਹੋਏ ਹਨ, ਕੇਵਲ ਨੰਬਰ ਵੱਖਰੇ ਹਨ। ਸ਼ਹਿਰ ਦੇ ਸਾਡੇ ਮਨੁੱਖ ਇਕ ਓਪਰੇ ਕਿਰਦਾਰ ਦੇ ਹੋ ਗਏ ਹਨ, ਬਸ ਉਨ੍ਹਾਂ ਦੀਆਂ ਕਾਰਾਂ ਦੇ ਬ੍ਰਾਂਡ ਹੀ ਉਨ੍ਹਾਂ ਦੀ ਪਛਾਣ ਦੀ ਤਸਦੀਕ ਹਨ। ਸ਼ਹਿਰ ਵਿਚ ਕੋਈ ਕਿਸੇ ਦਾ ਨਹੀਂ। ਅਲਗਾਉਵਾਦੀ ਸਥਿਤੀ ਪੈਦਾ ਹੋ ਗਈ ਹੈ। ਗਿੱਲ ਸਾਹਮਣੇ ਅਲੱਗ ਥਲੱਗ ਇਨਸਾਨ ਬੁਰੀ ਤਰ੍ਹਾਂ ਟੁੱਟ ਗਿਆ ਹੈ ਜਿਹੜਾ ਕਿਸੇ ਦੀ ਤਾਂ ਕੀ ਆਪਣੀ ਪਛਾਣ ਵੀ ਨਹੀਂ ਕਰ ਸਕਦਾ। ਮੇਰੇ ਖ਼ਿਆਲ ਵਿਚ ਐਸੀ ਸਥਿਤੀ ਦੀ ਪੇਸ਼ਕਾਰੀ ਗੁਰਭਜਨ ਦੀਆਂ ਗ਼ਜ਼ਲਾਂ ਵਿਚ ਸਭ ਤੋਂ ਸਮਰੱਥ ਤੌਰ ਤੇ ਹੋਈ ਹੈ। ਕਹਾਣੀਆਂ ਜਾਂ ਨਾਵਲਾਂ ਵਿਚ ਤਾਂ ਭਾਵੇਂ ਇਸ ਸਥਿਤੀ ਨੂੰ ਗੰਭੀਰਤਾ ਨਾਲ ਉਲੀਕਿਆ ਵੀ ਗਿਆ ਸੀ ਪਰ ਗ਼ਜ਼ਲਾਂ ਵਿਚ ਕੇਵਲ ਗੁਰਭਜਨ ਨੇ ਹੀ ਇਸ ਆਤਮ-ਪਰਾਏਪਣ ਦੀ ਪੇਸ਼ਕਾਰੀ ਕੀਤੀ ਹੈ। ਏਥੇ ਕੁਝ ਸ਼ਿਅਰ ਹਾਜ਼ਰ ਹਨ:

  • ਗੁਆਚੇ ਯਾਰ ਸਾਰੇ ਸ਼ਹਿਰ ਵਿਚ ਕਿਸ ਨੂੰ ਬੁਲਾਵਾਂਗਾ।

ਮੈਂ ਕਿਸ ਦੇ ਕੋਲ ਜਾ ਕੇ ਆਪਣੀ ਵਿਥਿਆ ਸੁਣਾਵਾਂਗਾ।

  • ਸਿਰ ਤੇ ਪੈਰ ਗੁਆਚ ਗਏ ਧੜ ਲੱਭਦਾ ਫਿਰਦਾ ਹਾਂ,

ਮੋਮੀ ਜਿਸਮ ਦੇ ਨਾਲ ਅਗਨ ਜਿਉਂ ਨੇੜਿਉਂ ਖਹਿ ਗਈ ਏ।

  • ਆਪਣੇ ਘਰ ਤੋਂ ਪਰਦੇਸਾਂ ਤਕ ਰੁਲ ਗਏ ਊੜੇ ਜੂੜੇ ਸਾਰੇ,

ਵੇਖਣ ਨੂੰ ਜੋ ਜੁਗਨੂੰ ਲਗਦੇ ਸਭ ਨੂੰ ਕਰ ਗੁੰਮਰਾਹ ਜਾਂਦੇ ਨੇ।

  • ਸ਼ਹਿਰ ਵਿਚ ਕਮਰਾ, ਕਿਰਾਇਆ ਕੁਰਸੀਆਂ ਨੇ,

ਘਾਬਰੇ ਫਿਰਦੇ ਨੇ ਏਥੇ ਰਹਿਣ ਵਾਲੇ।

  • ਮੈਂ ਤੇਰੀ ਗਰਮਜੋਸ਼ੀ ਦਾ ਹੁੰਗਾਰਾ ਕਿਸ ਤਰ੍ਹਾਂ ਦੇਵਾਂ,

ਕਿ ਮਨ ਦੇ ਪਾਲਿਆਂ ਵਿਚ ਖ਼ੁਦ ਮੇਰੀ ਔਕਾਤ ਠਰਦੀ ਹੈ।

  • ਫਿਰਦੇ ਨੇ ਦਨਦਨਾਉਂਦੇ ਅੰਨ੍ਹੇ ਮਚਾਉਣ ਵਾਲੇ,

ਕਿਧਰ ਗਏ ਇਨ੍ਹਾਂ ਤੋਂ ਮੁਕਤੀ ਦਿਵਾਉਣ ਵਾਲੇ।

  • ਕਰਦੇ ਬੁਹਾਰੀਆਂ ਨੇ ਬੇਗ਼ਮ ਦੇ ਮਹਿਲ ਅੰਦਰ,

ਲੋਕਾਂ ਨੂੰ ਭਰਮ ਪਾਉਂਦੇ ਬਾਗ਼ੀ ਕਹਾਉਣ ਵਾਲੇ।

  • ਹਵਾ ਵਿਚ ਬੇਵਿਸਾਹੀ ਘੁਲ ਗਈ ਹੈ,

ਹੈ ਇਸ ਵਿਚ ਦੋਸ਼ ਸਾਡਾ ਵੀ ਬਥੇਰਾ।

  • ਖੌਫ਼ ਮਨਾਂ ਦਾ ਵੇਖੋ ਯਾਰੋ ਕਿਥੋਂ ਤਕ ਹੈ ਆ ਪਹੁੰਚਾ,

ਅੰਦਰੋਂ ਕੁੰਡੀ ਲਾ ਕੇ ਸੌਂਦੀਆਂ ਗਲੀਆਂ ਮੇਰੇ ਸ਼ਹਿਰ ਦੀਆਂ।

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /16