ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰਭਜਨ ਨੂੰ ਗਿਲਾ ਹੈ ਕਿ ਆਦਮੀ ਨੇ ਆਪਣੀ ਥਾਂ ਤਬਦੀਲ ਕਰ ਲਈ ਹੈ ਅਤੇ ਉਸ ਦੀ ਥਾਂ ਹੁਣ ‘ਜੰਗਲੀ ਜੰਤ’ ਰਹਿਣ ਲੱਗੇ ਨੇ:

  • ਜੰਗਲੀ ਜੰਤ ਜਨੌਰਾਂ ਦੀ ਹੁਣ ਗਿਣਤੀ ਵਧੀ ਮੈਦਾਨਾਂ ਅੰਦਰ,

ਪਹਿਰਾ ਨਾ ਹੁੰਦਾ ਤਾਂ ਇਨ੍ਹਾਂ ਫ਼ਸਲਾਂ ਤਾਈਂ ਚਰ ਜਾਣਾ ਸੀ।

ਆਦਮੀ ਵਿਚ ਬੇਵਿਸਾਹੀ ਇਸ ਤਰ੍ਹਾਂ ਪ੍ਰਵੇਸ਼ ਕਰ ਗਈ ਹੈ ਕਿ ਉਸ ਨੂੰ ਸਭ ਤੋਂ ਵੱਡਾ ਦੁਸ਼ਮਣ ਹਮਸਾਇਆ ਲੱਗਣ ਲੱਗਾ ਹੈ:

  • ਡਰ ਨਹੀਂ ਕਿਸੇ ਪਰਾਏ ਕੋਲੋਂ ਡਰ ਹੈ ਆਪਣੇ ਸਾਏ ਕੋਲੋਂ,

ਘਰ ਦੇ ਭੇਤੀ ਕੋਲੋਂ ਬੰਦੇ ਆਪੇ ਡਰਦੇ ਵੇਖ ਰਿਹਾ ਹਾਂ।

ਪੰਜਾਬ ਦੇ ਸੰਤਾਪੇ ਦਿਨਾਂ ਦੀ ਗੁਰਭਜਨ ਦੀ ਸ਼ਾਇਰੀ ਦਿਲ ਨੂੰ ਜ਼ਖ਼ਮੀ ਕਰ ਕੇ ਲੰਘਦੀ ਹੈ। ਅੱਤਵਾਦੀ ਦੌਰ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਸਰਹੱਦੀ ਪਿੰਡਾਂ ਨੂੰ ਆਪਣੇ ਘੋਰਨੇ ਬਣਾਇਆ ਤੇ ਬੁਜ਼ਦਿਲੀ ਦਾ ਛੱਟਾ ਦੇ ਘੱਤਿਆ। ਪਿੰਡਾਂ ਵਿਚ ਦਹਿਸ਼ਤ ਤੇ ਵਹਿਸ਼ਤ ਨੰਗਾ ਨਾਚ ਕਰਨ ਲੱਗੀ ਸੀ। ਸੰਚਾਰ ਮਾਧਿਅਮਾਂ ਦੀ ਅਣਹੋਂਦ ਅਤੇ ਦਿੱਲੀ ਦੀ ਮਾਤਮੀ ਸਾਜਿਸ਼ ਅਧੀਨ ਹੋਏ ਕਤਲਾਮ ਨੇ ਆਪਣਾ ਰੰਗ ਵਿਖਾਇਆ ਸੀ। ਪਿੰਡਾਂ ਦੇ ਪਿੰਡ ਤੇ ਘਰਾਂ ਦੇ ਘਰ ਹਨੇਰੇ ਵਿਚ ਡੁੱਬ ਗਏ ਸਨ। ਸ਼ਹਿਰਾਂ ਵਿਚ ਅਜੇ ਸੁੱਖ-ਸਾਂਦ ਸੀ ਪਰ ਪਿੰਡਾਂ ਵਿਚ ਤਾਂ ਕਬਰਾਂ ਆਣ ਲੱਥੀਆਂ ਸਨ। ਇਸ ਮਾਤਮੀ ਮਾਹੌਲ ਨੂੰ ਗੁਰਭਜਨ ਨੇ ਬਹੁਤ ਹੀ ਦਿਲ ਚੀਰਵੇਂ ਅੰਦਾਜ਼ ਵਿਚ ਪੇਸ਼ ਕੀਤਾ ਹੈ:

  • ਬੰਦ ਨੇ ਬੂਹੇ ਬਾਰੀਆਂ ਸਾਰੇ ਸਾਡੇ ਪਿੰਡ ਨੂੰ ਕੀਹ ਹੋਇਆ ਹੈ।

ਪਹਿਲਾਂ ਵਾਂਗੂੰ ਤੜਪ ਨਹੀਂ ਹੈ ਨੂੰ ਹਰ ਘਰ ਜੀਕੂੰ ਅਧਮੋਇਆ ਹੈ।

  • ਪਿੱਪਲਾਂ ਥੱਲੇ ਤੀਆਂ ਤੇ ਨਾ ਗਿੱਧੇ ਦੇ ਪਿੜ ਅੰਦਰ ਧੀਆਂ,

ਬਾਪੂ ਵਰਗ ਬਿਰਖ ਬਰੋਟਾ ਆਰੀ ਹੱਥੋਂ ਕਿਉਂ ਮੋਇਆ ਹੈ।

  • ਧਰਮ ਤੇ ਇਖ਼ਲਾਕ ਦੋਵੇਂ ਅਰਥਹੀਣੇ ਹੋ ਗਏ,

ਅਰਥ ਮਨਮਰਜ਼ੀ ਦੇ ਕਰਕੇ ਦੱਸਦੈ ਸਾਨੂੰ ਸ਼ੈਤਾਨ।

  • ਟੱਲੀਆਂ ਦੀ ਟੁਣਕਾਰ ਗੁਆਚੀ ਵਿਚ ਸਿਆੜਾਂ ਸੁਪਨੇ ਮੋਏ,

ਚਿੰਤਾ ਚਿਖ਼ਾ ਬਰਾਬਰ ਧੁਖ਼ਦੀ, ਆਉਂਦੇ ਜਾਂਦੇ ਸਾਹਾਂ ਅੰਦਰ।

  • ਹਰ ਸੀਸ ਤੰਗ ਹੇਠਾਂ ਹਰ ਜਿਸਮ ਆਰਿਆਂ 'ਤੇ,

ਇਹ ਕਿਸ ਤਰ੍ਹਾਂ ਦਾ ਮੌਸਮ ਆਇਆ ਹੈ ਸਾਰਿਆਂ 'ਤੇ।

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /17