ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———7———

ਬੇ-ਮੌਸਮ ਬਰਸਾਤ ਮਧੋਲੀ ਫ਼ਸਲਾਂ ਦੀ ਖ਼ੁਸ਼ਬੋ।
ਸੜਕਾਂ ਉੱਤੇ ਚਹਿਲ ਪਹਿਲ ਹੈ ਦਰਦ ਨਾ ਜਾਣੇ ਕੋ।

ਦਰਿਆ ਦੇ ਪਾਣੀ ਵਿਚ ਚੜ੍ਹਿਆ ਪਾਰ ਕਿਸ ਤਰ੍ਹਾਂ ਜਾਵਾਂ,
ਕਾਫ਼ੀ ਚਿਰ ਦਾ ਸੋਚ ਰਿਹਾ ਹਾਂ ਉਰਲੇ ਆਰ ਖਲੋ।

ਅੱਖਾਂ ਵਿਚ ਪਥਰਾਏ ਹੰਝੂ ਮੌਸਮ ਦੀ ਕਿਰਪਾ ਹੈ,
ਨਾ ਜੀਂਦੇ ਨਾ ਮੋਇਆਂ ਅੰਦਰ ਨਾ ਸਕਦੇ ਹਾਂ ਰੋ।

ਮਿੱਟੀ ਵਿਚ ਗੁਆਚੇ ਸੁਪਨੇ ਖੰਭ ਖੁਹਾ ਲਏ ਰੀਝਾਂ,
ਕਿਹੜਾ ਵੈਦ ਪਛਾਣੇ ਮਰਜ਼ਾਂ ਮਿਲਦੀ ਨਾ ਕਨਸੋ।

ਕਾਲ ਕਲੂਦੀ ਰਾਤ ਹੈ ਸਿਰ 'ਤੇ ਟੋਏ ਟਿੱਬੇ ਰਾਹ,
ਸਫ਼ਰ ਕਰਦਿਆਂ ਨਾਲ ਜਗਾਉ ਆਪਣੀ ਆਪਣੀ ਲੋਅ।

ਤੜਕਸਾਰ ਅਣਦਿਸਦਾ ਚਿਹਰਾ ਕੰਨਾਂ ਵਿਚ ਕਹਿ ਜਾਵੇ,
ਖੋਲ੍ਹ ਦਿਉ ਹੁਣ ਉਮਰਾਂ ਤੋਂ ਨੇ ਬੰਦ ਪਏ ਦਰ ਜੋ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /33