ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———11———

ਜੇ ਮੂੰਹੋਂ ਬੋਲਦੀ ਸ਼ੀਰੀਂ ਗ਼ਜ਼ਲ ਦੀ ਬਹਿਰ ਦੇ ਵਾਂਗੂੰ।
ਤਾਂ ਹੋ ਜਾਣਾ ਸੀ ਖ਼ੁਦ ਫ਼ਰਹਾਦ ਨੇ ਵੀ ਨਹਿਰ ਦੇ ਵਾਂਗੂੰ।

ਉਨ੍ਹੇ ਮੈਨੂੰ ਝੁਲਸ ਕੇ ਸ਼ਾਮ ਦੇ ਬੂਹੇ ਤੇ ਧਰ ਦਿੱਤੈ,
ਮਿਲੀ ਜੋ ਜ਼ਿੰਦਗੀ ਦੇ ਮੋੜ ਤੇ ਦੋਪਹਿਰ ਦੇ ਵਾਂਗੂੰ।

ਮੈਂ ਉਸ ਨੂੰ ਲੱਭਦਾ ਲੱਭਦਾ ਆਪ ਕਿਧਰੇ ਗੁੰਮ ਹੋ ਚੱਲਿਆਂ,
ਕਿਤੇ ਤਾਂ ਮਿਲ ਪਵੇ ਮੱਥੇ ਦੀ ਘੂਰੀ ਕਹਿਰ ਦੇ ਵਾਂਗੂੰ।

ਉਦ੍ਹੀ ਇਕ ਯਾਦ ਦਾ ਅੰਮ੍ਰਿਤ ਹੀ ਬਣਿਆ ਆਸਰਾ ਮੇਰਾ,
ਨਹੀਂ ਤਾਂ ਜ਼ਿੰਦਗੀ ਹੋ ਜਾਣੀ ਸੀ ਇਹ ਜ਼ਹਿਰ ਦੇ ਵਾਂਗੂੰ।

ਜਦੋਂ ਸੀ ਕੋਲ ਮੇਰੇ ਜਾਪਦੀ ਬਲਦੀ ਹੋਈ ਸ਼ਮ੍ਹਾਂ,
ਜਦੋਂ ਨਿੱਖੜੀ ਤਾਂ ਜਾਪੀ ਉਹ ਸਰਾਪੇ ਸ਼ਹਿਰ ਦੇ ਵਾਂਗੂੰ।

ਕਿਵੇਂ ਉਹਨੂੰ ਕਲਾਵੇ ਵਿਚ ਭਰਨ ਦਾ ਹੌਸਲਾ ਕਰਦਾ,
ਹਵਾ ਦਾ ਜਿਸਮ ਸੀ ਪਾਣੀ ਦੀ ਉਤਲੀ ਲਹਿਰ ਦੇ ਵਾਂਗੂੰ।

ਹੁਲਾਰਾ ਪੀਂਘ ਦਾ ਮੈਂ ਉਸ ਦਾ ਨਾਮ ਰੱਖਿਆ ਹੈ,
ਮਿਲੀ ਜੋ ਜ਼ਿੰਦਗੀ ਵਿਚ ਇਕ ਘੜੀ ਸੀ ਕਹਿਰ ਦੇ ਵਾਂਗੂੰ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /37