ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———13———

ਜੇਕਰ ਬਿਜਲੀ ਘਰ ਦੇ ਨੇੜੇ ਰੌਸ਼ਨ ਚਾਰ ਚੁਫ਼ੇਰਾ ਹੈ।
ਇਹਦਾ ਮਤਲਬ ਇਹ ਤਾਂ ਨਹੀਂ ਕਿ ਹੋਇਆ ਸੋਨ-ਸਵੇਰਾ ਹੈ।

ਚੰਡੀਗੜ ਦੇ ਜੰਡ ਕਰੀਰਾਂ ਸੜਕਾਂ ਕੋਲ ਤਾਂ ਹੈ ਚਾਨਣ,
ਸਾਡੇ ਪਿੰਡ ਦੇ ਅੰਦਰ ਬਾਹਰ ਕਾਲਾ ਘੁੱਪ ਹਨੇਰਾ ਹੈ।

ਔੜ ਪਏ ਜਾਂ ਮਾਰ ਦਏ ਫਿਰ ਬੇਮੌਸਮ ਬਰਸਾਤ ਜਹੀ,
ਰੋਜ਼ ਦਿਹਾੜੀ ਮਰ ਮਰ ਜੀਣਾ ਸਾਡੇ ਪਿੰਡ ਦਾ ਜੇਰਾ ਹੈ।

ਜਿੱਤਿਆ ਸੀ ਜੋ ਕਦੇ ਪੁਰਖ਼ਿਆਂ ਆਪਣੇ ਬਾਹੂਬਲ ਦੇ ਨਾਲ,
ਓਸ ਕਿਲ੍ਹੇ ਵਿਚ ਅੱਜ ਕੱਲ੍ਹ ਲੱਗਿਆ ਵਿਸ਼-ਕੰਨਿਆਂ ਦਾ ਡੇਰਾ ਹੈ।

ਹੋਰ ਕਿਸੇ ਸੁਕਰਾਤ ਦੀ ਖ਼ਾਤਰ ਜ਼ਹਿਰ ਪਿਆਲਾ ਸਾਂਭ ਲਵੋ,
ਮੈਨੂੰ ਤਾਂ ਬੱਸ ਏਸੇ ਜੀਵਨ ਦਾ ਹੀ ਜ਼ਹਿਰ ਬਥੇਰਾ ਹੈ।

ਮੇਰੀ ਹੋਂਦ ਕਬੂਲ ਕਰੋਗੇ ਇਕ ਦਿਨ ਐਸਾ ਆਵੇਗਾ,
ਮੈਂ ਭਾਵੇਂ ਇਕ ਬਿੰਦੂ ਹਾਂ ਪਰ ਹਰ ਬਿੰਦੂ ਦਾ ਘੇਰਾ ਹੈ।

ਜਿੱਥੇ ਕਿਧਰੇ ਚੀਕਾਂ ਤੇ ਕੁਰਲਾਹਟਾਂ ਦੀ ਆਵਾਜ਼ ਸੁਣੇ,
ਹਰ ਬਸਤੀ, ਘਰ, ਸ਼ਹਿਰ, ਦੇਸ਼ ਤੇ ਹਰ ਧੁਖਦਾ ਪਿੰਡ ਮੇਰਾ ਹੈ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /39