ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/41

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ 

---15---

ਜੰਗਲ ਦੇ ਵਿਚ ਸ਼ਾਮ ਪਈ ਤੇ ਖੁਰਿਆ ਹੈ ਪਰਛਾਵਾਂ।
ਵੰਨ ਸੁਵੰਨੀਆਂ ਚੀਕਾਂ ਕੂਕਾਂ ਰੌਲਾ ਬੱਦ ਬਲਾਵਾਂ।

ਜਿੰਨ੍ਹਾਂ ਦੇ ਗਲ ਸੰਗਲ ਰੱਸੇ ਹਾਰ ਹਮੇਲਾਂ ਛਣਕਣ,
ਖ਼ਸਮ ਪਛਾਣ ਕੇ ਪਿੱਛੇ ਤੁਰੀਆਂ, ਭੇਡਾਂ, ਮੱਝਾਂ, ਗਾਵਾਂ।

ਸਿਰ 'ਤੇ ਜਦੋਂ ਦੁਪਹਿਰ ਖੜ੍ਹੀ ਸੀ ਪੈਰ ਨਾ ਪੁੱਟਿਆ ਕੋਈ,
ਸਾਨੂੰ ਐਵੇਂ ਬੰਨ੍ਹ ਬਿਠਾਇਆ ਬੁੱਢੇ ਰੁੱਖਾਂ ਛਾਵਾਂ।

ਆਲ ਦੁਆਲਾ ਸਾਰੇ ਰਸਤੇ ਸ਼ੇਰ ਬਘੇਲਿਆਂ ਮੱਲੇ,
ਤੇਰੇ ਤੱਕ ਵੀ ਆਵਾਂ ਤਾਂ ਦੱਸ ਕਿਹੜੇ ਰਸਤੇ ਆਵਾਂ।

ਸਿਰ 'ਤੇ ਐਨ ਵਰ੍ਹਾਊ ਬੱਦਲ, ਕਹਿਰ, ਗੁਬਾਰ, ਹਨੇਰਾ,
ਵਿਰਲਾ ਥਾਈਂ ਝਾਕੇ ਫਿਰ ਵੀ ਤਾਰਾ ਵਿਰਲਾ ਟਾਵਾਂ।

ਏਨੇ ਸਾਲ ਬੇਗਾਨੀ ਧਰੜੀ ਖੋਰ ਖੋਰ ਕੇ ਪੀਤਾ,
ਹੁਣ ਬਨਵਾਸੀ ਪੁੱਤਰਾਂ ਤਾਈਂ ਕਿੰਵ ਪਛਾਨਣ ਮਾਵਾਂ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /41