ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———17———

ਚਾਰ ਚੁਫ਼ੇਰੇ ਨ੍ਹੇਰ ਦਾ ਪਹਿਰਾ ਗਠੜੀ ਲੈ ਗਏ ਚੋਰ।
ਅੱਧ-ਸੁੱਤੀਏ ਹੁਣ ਜਾਗ ਨੀ ਤੇਰਾ ਲੁੱਟਿਆ ਸ਼ਹਿਰ ਭੰਬੋਰ।

ਸੱਤਰੰਗੀ ਅਸਮਾਨ ਦੀ ਲੀਲ੍ਹਾ ਕੋਲ ਸੀ ਜਿਹੜੀ ਉੱਡਦੀ,
ਅੱਜ ਬੇਗਾਨਿਆਂ ਤੋੜ ਮਰੋੜੀ ਸਣੇ ਪਤੰਗ ਦੇ ਡੋਰ।

ਨਾ ਕੋਈ ਬਾਗ਼ ਬਗੀਚਾ ਖਿੜਿਆ ਨਾ ਅੰਬਾਂ ਨੂੰ ਬੂਰ,
ਨਾ ਕੋਇਲਾਂ ਨਾ ਗਾਉਣ ਬੰਬੀਹੇ ਨਾ ਹੀ ਨੱਚਦੇ ਮੋਰ।

ਸਾਡੇ ਚਿਹਰੇ ਇੰਜ ਧੁਆਂਖੇ ਰਹੀ ਪਛਾਣ ਨਾ ਕੋਈ,
ਆਪਣੇ ਜ਼ਖ਼ਮ ਵਿਖਾ ਕੇ ਕੁੰਜੀ ਲੈ ਗਿਆ ਕੋਈ ਹੋਰ।

ਲਹਿੰਦੇ ਬੰਨੇ ਸੂਰਜ ਨੂੰ ਅੱਗ ਲੱਗ ਕੇ ਬੁਝ ਗਈ ਹੈ,
ਚੜ੍ਹਦੇ ਪਾਸੇ ਹੋਰ ਚੜ੍ਹੀ ਹੈ ਕਾਲੀ ਘਟ ਘਨਘੋਰ।

ਰੁਕ ਰੁਕ ਕੇ ਸਾਹ ਚਲਦਾ ਜਾਪੇ ਨਬਜ਼ ਖਲੋਤੀ ਹੋਈ,
ਢੀਠ ਮੁਲਕ ਦੀ ਪਹਿਲਾਂ ਨਾਲੋਂ ਵੀ ਮਸਤਾਨੀ ਤੋਰ।

ਸੱਜੇ ਖੱਬੇ ਅੱਗੜ ਪਿੱਛੜ ਗੱਲ ਕਾਹਦੀ ਹਰ ਪਾਸੇ,
ਚੋਰ ਉਚੱਕਿਆਂ ਰਲ ਕੇ ਮੱਲਿਆ ਸਾਝਾ ਤਖ਼ਤ ਲਾਹੌਰ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /43