ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/46

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ 

---20---

ਬੰਦ ਕਮਰੇ ਵਿਚ ਬੈਠ ਪੜ੍ਹਾਂ ਮੈਂ ਰੋਜ਼ਾਨਾ ਅਖ਼ਬਾਰਾਂ ਨੂੰ।
ਫਿਰ ਕਾਹਦੇ ਲਈ ਖ਼ਤਰਾ ਜਾਪੇ ਮੇਰੇ ਤੋਂ ਸਰਕਾਰਾਂ ਨੂੰ।

ਡਰਦਾ ਮਾਰਾ 'ਵਾਜ਼ ਨਾ ਕੱਢਾਂ ਬੂਹਾ ਖੜਕੇ ਘੜੀ ਮੁੜੀ,
ਕੰਨ ਵਲ੍ਹੇਟੀ ਸੁਣਦਾ ਹਾਂ ਮੈਂ ਯਾਰ ਦੀਆਂ ਫਿਟਕਾਰਾਂ ਨੂੰ।

ਵਿਰਲਾ ਥਾਣੀਂ ਬਲਦਾ ਸੂਰਜ ਜਦ ਚਾਨਣ ਜਾਂ ਸੇਕ ਦਏ,
ਨਿੱਘ ਦੀ ਖ਼ਾਤਰ ਜੀਅ ਕਰਦਾ ਏ ਡੇਗ ਦਿਆਂ ਦੀਵਾਰਾਂ ਨੂੰ।

ਅਪਣਾ ਆਪ ਲੁਕਾ ਕੇ ਭਾਵੇਂ ਪਿੰਜਰੇ ਦੇ ਵਿਚ ਵਾਸ ਕਰਾਂ,
ਉੱਡਣ ਦੀ ਸਿਖਲਾਈ ਦੇਵਾਂ ਪਰ-ਕਟਿਆਂ ਦੀਆਂ ਡਾਰਾਂ ਨੂੰ।

ਸ਼ਹਿਰ ਵੜਦਿਆਂ ਲੈਣ ਤਲਾਸ਼ੀ ਹਾਕਮ ਦੇ ਕਾਰਿੰਦੇ ਹੁਣ,
ਕਾਗ਼ਜ਼ ਕਲਮ ਦਵਾਤ ਲੁਕਾ ਲਾਂ ਖ਼ਤਰਨਾਕ ਹਥਿਆਰਾਂ ਨੂੰ।

ਮੀਲਾਂ ਤੀਕ ਉਦਾਸੀ ਦਾ ਥਲ ਮਾਰੂ ਅੱਗ ਵਰ੍ਹਾਏਗਾ,
ਆਪੋ ਆਪਣੇ ਘਰਾਂ 'ਚੋਂ ਰੋਕੋ ਅਗਨੀ ਦੇ ਵਿਸਥਾਰਾਂ ਨੂੰ।
{*}

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /46