ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———21———

ਗੋਲੀਆਂ ਵਿੰਨ੍ਹੇ ਜਿਸਮ ਕੂਕਦੇ ਸੜਕਾਂ ਦਾ ਇਤਿਹਾਸ ਲਿਖੋ।
ਵਰਕਾ ਵਰਕਾ ਜੋੜ ਜੋੜ ਕੇ ਜ਼ਖ਼ਮਾਂ ਦਾ ਇਤਿਹਾਸ ਲਿਖੋ।

ਬਾਗ਼-ਬਗ਼ੀਚੇ ਅੱਗ ਦੀ ਭੇਟਾ, ਬਿਰਖ ਚਿਤਾਵਾਂ ਵਿਚ ਸੜੇ,
ਗ਼ਰਮ ਰਾਖ ਦਾ ਹਿੱਸਾ ਬਣੀਆਂ ਲਗਰਾਂ ਦਾ ਇਤਿਹਾਸ ਲਿਖੋ।

ਇਹ ਕੈਸੀ ਬਰਸਾਤ ਛਾਨਣੀ ਧਰਤੀ ਮਾਂ ਦਾ ਸੀਨਾ ਹੈ,
ਕੋਰੇ ਸਫ਼ੇ ਉਡੀਕ ਰਹੇ ਨੇ ਜ਼ੁਲਮਾਂ ਦਾ ਇਤਿਹਾਸ ਲਿਖੋ।

ਤਣੇ ਹੋਏ ਮੁੱਕੇ ਨੂੰ ਆਖੋ ਹੋਸ਼ ਨਾਲ ਸਮਤੋਲ ਕਰੋ,
ਸੰਗਰਾਮੀ ਦੀ ਚਾਲ ਤੁਰਦਿਆਂ ਕਦਮਾਂ ਦਾ ਇਤਿਹਾਸ ਲਿਖੋ।

ਅੱਜ ਦੀ ਰਾਤ ਭਿਆਨਕ ਕਾਲੀ ਅੱਗੇ ਨਾਲੋਂ ਵੱਧ ਕੇ ਹੈ,
ਚੁੱਪ ਚੁਪੀਤੇ ਘਰ ਨਾ ਬੈਠੋ ਫ਼ਰਜ਼ਾਂ ਦਾ ਇਤਿਹਾਸ ਲਿਖੋ।

ਕਲਮਾਂ ਬੁਰਸ਼ਾਂ ਸਾਜ਼ ਵਾਲਿਓ ਇਸ ਮੌਸਮ ਦਾ ਫ਼ਿਕਰ ਕਰੋ,
'ਸੱਚ ਕੀ ਬੇਲਾ' ਹੱਕ ਨਿਤਾਰੋ ਕੰਧਾਂ ਦਾ ਇਤਿਹਾਸ ਲਿਖੋ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /47