ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/48

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

---22---

ਸੁਪਨ-ਪਰਿੰਦੇ ਕਿਉਂ ਫੜ ਫੜ ਕੇ ਕਰਦਾ ਹੈਂ ਕਤਲਾਮ ਜਿਹਾ।
ਰੋਜ਼ ਰਾਤ ਨੂੰ ਸੁਣਦਾ ਨਹੀਂ ਤੂੰ ਘੁੱਗੀਆਂ ਦਾ ਕੋਹਰਾਮ ਜਿਹਾ।

ਰੰਗ ਬਰੰਗੀਆਂ ਫੜ ਕੇ ਤਿਤਲੀਆਂ ਵਿਚ ਕਿਤਾਬਾਂ ਕੈਦ ਕਰੇਂ,
ਸ਼ੌਕ ਅਵੱਲਾ ਤੇਰਾ ਇਹ ਹੁਣ ਹੋ ਚੱਲਿਆ ਏ ਆਮ ਜਿਹਾ।

ਦਹਿਸ਼ਤ ਵਹਿਸ਼ਤ ਅਕਲੋਂ ਸ਼ਕਲੋਂ ਸਕੀਆਂ ਭੈਣਾਂ ਜਾਪਦੀਆਂ,
ਇਨ੍ਹਾਂ ਨੇ ਪੰਜਾਬ ਬਣਾਇਆ ਹੁਣ ਤਾਂ ਦੂਜੀ ਲਾਮ ਜਿਹਾ।

ਨ੍ਹੇਰ ਸਾਈਂ ਦਾ ਜੋਤਸ਼ੀਆਂ ਦੇ ਨਾਲ ਜੋਟੀਆਂ ਪਾ ਬੈਠਾ,
ਆਸ ਦਾ ਸੂਰਜ ਲੱਗਦਾ ਸੀ ਜੋ ਸਾਨੂੰ ਸੁਰਖ਼ ਸਲਾਮ ਜਿਹਾ।

ਅਦਲ ਸਮੇਂ ਦਾ ਯਾਰੋ ਦੇਖੋ ਕਿਥੋਂ ਕਿਥੇ ਜਾ ਪਹੁੰਚਾ,
ਪਾਗਲ ਕਹਿ ਕੇ ਗੋਲੀ ਮਾਰਨ ਕਰ ਦੇਵਣ ਬਦਨਾਮ ਜਿਹਾ।

ਨਿੰਮੋਝੂਣ ਉਦਾਸਿਆ ਸੂਰਜ ਸੋਚਾਂ ਦੇ ਖੂਹ ਡੁੱਬ ਚੱਲਿਆ,
ਸੁਬ੍ਹਾ ਸਵੇਰੇ ਸਿਖ਼ਰ ਦੁਪਹਿਰੇ ਲੱਗਦਾ ਹੈ ਜੋ ਸ਼ਾਮ ਜਿਹਾ।

ਖ਼ਬਰੇ ਕਿਸ ਦਿਨ ਸੁੱਤੇ ਲੋਕੀਂ ਗੂੜ੍ਹੀ ਨੀਂਦ 'ਚੋਂ ਜਾਗਣਗੇ,
ਹੱਕ ਅਤੇ ਇਨਸਾਫ਼ ਦੀ ਖ਼ਾਤਰ ਛੇੜਨਗੇ ਸੰਗਰਾਮ ਜਿਹਾ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /48