ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———23———

ਅੱਜ ਚਾਰੇ ਪਾਸੇ ਹੋਣ ਹਥਿਆਰ ਦੀਆਂ ਗੱਲਾਂ।
ਕੋਈ ਟਾਵਾਂ-ਟਾਵਾਂ ਕਰਦਾ ਏ ਪਿਆਰ ਦੀਆਂ ਗੱਲਾਂ।

ਮੈਨੂੰ ਘੂਰ ਘੂਰ ਵੇਖਦੇ ਨੇ ਜੰਗਲੀ ਜਨੌਰ,
ਸ਼ੁਰੂ ਕਰਦਾ ਹਾਂ ਜਦੋਂ ਵੀ ਬਹਾਰ ਦੀਆਂ ਗੱਲਾਂ।

ਰਣਭੂਮੀਆਂ ਦਾ ਚੌਂਕੇ ਤਾਈਂ ਹੋਇਆ ਵਿਸਥਾਰ,
ਹੋਣ ਲੱਗ ਪਈਆਂ ਏਥੇ ਜਿੱਤ ਹਾਰ ਦੀਆਂ ਗੱਲਾਂ।

ਲੋਹਾ ਕੁੱਟਿਆਂ ਬਗ਼ੈਰ ਹਥਿਆਰ ਨਹੀਂ ਬਣੇ,
ਇਹ ਲੋਹਾਰ ਦੀਆਂ ਗੱਲਾਂ ਨੇ ਬੇਕਾਰ ਦੀਆਂ ਗੱਲਾਂ।

ਕੋਈ ਵੇਚਦਾ ਈਮਾਨ ਕੋਈ ਤਾਰੇ ਉਹਦਾ ਮੁੱਲ,
ਸਣੇ ਸਿਰ ਪੱਗ ਹੋ ਗਈਆਂ ਵਪਾਰ ਦੀਆਂ ਗੱਲਾਂ।

ਜਦੋਂ ਆਪਣਾ ਹੀ ਸਾਇਆ ਸੰਗ-ਸਾਥ ਛੱਡ ਜਾਏ,
ਉਦੋਂ ਮੰਨਦਾ ਹੈ ਕਿਹੜਾ ਇਤਬਾਰ ਦੀਆਂ ਗੱਲਾਂ।

ਇਕੋ ਥਾਲੀ ਵਿਚ ਖਾਂਦਿਆਂ ਕੀ ਸੱਪ ਲੜ ਗਿਆ,
ਦੋਵੇਂ ਕਰਦੇ ਨੇ ਵੱਖੋ-ਵੱਖ ਯਾਰ ਦੀਆਂ ਗੱਲਾਂ।

ਫੁੱਲ ਬੀਜੀਏ ਤੇ ਪਾਲੀਏ ਸੁਗੰਧ ਵੰਡ ਦੇਈਏ,
ਚੰਗੇ ਲੋਕ ਸਦਾ ਕਰਦੇ ਵਿਚਾਰ ਦੀਆਂ ਗੱਲਾਂ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /49