ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———24———

ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ।
ਸਾਡੇ ਪਿੰਡ ਤਾਂ ਚਾਰ ਵਜੇ ਹੀ ਪੈ ਜਾਂਦੀ ਏ ਰਾਤ ਮੀਆਂ।

ਅਸੀਂ ਤਾਂ ਘਰ ਦੀਆਂ ਨੀਂਹਾਂ ਦੇ ਵਿਚ ਸਿਰ ਦਿੱਤੇ ਸੀ ਏਸ ਲਈ,
ਪੁੱਤ ਪੋਤਰੇ ਵਾਸ ਕਰਨਰੀ ਜਦ ਆਊ ਬਰਸਾਤ ਮੀਆਂ।

ਰੋਜ਼ ਦਿਹਾੜੀ ਸੱਥਰ ਵਿਛਦੇ ਕੀਰਨਿਆਂ ਦੀ 'ਵਾਜ ਸੁਣੇ,
ਇਕ ਇਕ ਕਰਕੇ ਕਤਲ ਹੋ ਰਹੇ ਹੁਣ ਮੇਰੇ ਜਜ਼ਬਾਤ ਮੀਆਂ।

ਰਾਜ ਭਵਨ ਦੇ ਵਾਸੀ ਸੱਜਣਾ ਤੂੰ ਵੀ ਬਾਹਰ ਝਾਕ ਜ਼ਰਾ,
ਕਈ ਵਰ੍ਹਿਆਂ ਤੋਂ ਇਸ ਬਸਤੀ ਵਿਚ ਨਹੀਂ ਆਈ ਪ੍ਰਭਾਤ ਮੀਆਂ।

ਮੇਰੀ ਚੀਖ਼ ਸੁਣਦਿਆ ਲੋਕਾਂ ਜਾਗ ਅਤੇ ਸੰਘਰਸ਼ ਵੀ ਕਰ,
ਆਪਣੇ ਆਪ ਨਹੀਂ ਇਹ ਮੁੱਕਣੀ ਗ਼ਮ ਦੀ ਕਾਲੀ ਰਾਤ ਮੀਆਂ।

ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣੈਂ ਹਮਸਫ਼ਰੋ,
ਹਰ ਵਾਰੀ ਨਹੀਂ ਆਉਂਦਾ ਹੁੰਦਾ ਧਰਤੀ 'ਤੇ ਸੁਕਰਾਤ ਮੀਆਂ।

ਜਿਹੜੇ ਵੇਲੇ ਚੋਗਾ ਚੁਗ ਕੇ ਪੰਛੀ ਘਰ ਨੂੰ ਮੁੜਦੇ ਨੇ,
ਇਕ ਦੂਜੇ ਤੋਂ ਲੁਕਦੇ ਫਿਰੀਏ ਮੈਂ ਤੇ ਮੇਰੀ ਜ਼ਾਤ ਮੀਆਂ।

ਮੈਂ ਤਾਂ ਏਸ ਚੌਰਾਹੇ ਦੇ ਵਿਚ ਜਗਦਾ ਦੀਵਾ ਧਰ ਚੱਲਿਆਂ,
ਲਾਟ ਬਚਾਇਓ ਨੇਰ੍ਹੀ ਕੋਲੋਂ ਸਿਰ 'ਤੇ ਕਾਲੀ ਰਾਤ ਮੀਆਂ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /50