ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———25———

ਜੀਅ ਕਰਦੈ ਆਪਣੇ ਪਿੰਡ ਜਾ ਕੇ ਚੱਬਾਂ ਦੋਧਾ-ਛੱਲੀਆਂ ਹੂ।
ਵਰ੍ਹਦੇ ਮੀਂਹ ਵਿਚ ਨੰਗਾ ਦੌੜਾਂ ਮਾਰਾਂ ਝੱਲ-ਵਲੱਲੀਆਂ ਹੂ।

ਏਸ ਨਗਰ ਬਨਵਾਸੀ ਹੋਏ ਰੋਜ਼ੀ ਖ਼ਾਤਰ ਆਏ ਸਾਂ,
ਪਿੱਛੇ ਰੋਜ਼ ਉਡੀਕਦੀਆਂ ਨੇ ਮਾਵਾਂ ਕੱਲ-ਮ-ਕੱਲੀਆਂ ਹੂ।

ਅੰਬਰ ਵਿਚੋਂ ਤਾਰਾ ਟੁੱਟ ਕੇ ਖ਼ੌਰੇ ਕਿਥੇ ਗ਼ਰਕ ਗਿਆ,
ਚੁੰਨੀਆਂ ਰੋਣ ਦੁਹੱਥੜ ਪਿੱਟਣ ਹੋ ਗਈਆਂ ਨੇ ਝੱਲੀਆਂ ਹੂ।

ਕੂੰਜਾਂ ਗਈਆਂ ਦੂਰ ਦੇਸ਼ ਨੂੰ ਬੱਚੇ ਦੇ ਕੇ ਆਈਆਂ ਨਾ,
ਖ਼ਾਲਮ ਖ਼ਾਲੀ ਆਲ੍ਹਣਿਆਂ ਵਿਚ ਚੁੱਪ ਨੇ ਟੱਲ-ਮ-ਟੱਲੀਆਂ ਹੂ।

ਤਪਦਾ ਤਨ ਮਨ ਵੰਝਲੀ ਦੇ ਵਿਚ ਕਿੱਥੋਂ ਮਿੱਟੀ ਤਾਨ ਭਰੇ,
ਬੇਲੇ ਅੰਦਰ ਲਾਸ਼ਾਂ ਵਿਛੀਆਂ ਚੀਕਾਂ ਜੂਹਾਂ ਮੱਲੀਆਂ ਹੂ।

ਤੇਰੇ ਭਾਣੇ ਇਕ ਸਿਵਾ ਬਲ ਬੁਝ ਕੇ ਜਲ ਪ੍ਰਵਾਹ ਹੋਵੇ,
ਇਹ ਵੀ ਦੇਖ ਤੂੰ ਕਿਥੋਂ ਤੀਕਰ ਮੱਚਦੀਆਂ ਤਰਥੱਲੀਆਂ ਹੂ।

ਫੂਹੜੀ ਉੱਤੇ ਬਹਿ ਕੇ ਉਹ ਅਫ਼ਸੋਸ ਕਰੇ ਤੇ ਮੁੜ ਜਾਵੇ,
ਕਾਤਲ ਦਾ ਮਸ਼ਗੂਲਾ ਵੇਖੋ ਦੇਵੇ ਆਪ ਤਸੱਲੀਆਂ ਹੂ।

ਜਿੱਧਰ ਵੇਖਾਂ ਹਰ ਥਾਂ ਅੱਗਾਂ ਧਰਤੀ ਦੀ ਹਰਿਔਲ ਸੜੇ,
ਠੰਡੀਆਂ ਪੌਣਾਂ ਰੱਬ ਡਾਢੇ ਨੇ ਕਿਹੜੇ ਪਾਸੇ ਘੱਲੀਆਂ ਹੂ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /51