ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———26———

ਮੋਈਆਂ ਘੁੱਗੀਆਂ ਚੇਤੇ ਆਈਆਂ ਬਿਸਤਰ ਉੱਤੇ ਬਹਿੰਦੇ ਨੂੰ।
ਰਾਤ ਬਿਤਾਈ ਕੰਡਿਆਂ ਉੱਤੇ ਉਸਲਵੱਟੇ ਸਹਿੰਦੇ ਨੂੰ।

ਅੱਗ ਵੀ ਸਾੜੇ ਠੰਡ ਵੀ ਸਾੜੇ ਜੰਤ ਜਨੌਰਾਂ ਦਾ ਵੀ ਡਰ,
ਕੱਲ੍ਹੀ ਜਾਨ ਨੂੰ ਲੱਖਾਂ ਕਹੀਏ ਜੰਗਲ ਦੇ ਵਿਚ ਰਹਿੰਦੇ ਨੂੰ।

ਸੁਰਖ਼ਪੋਸ਼ ਇਹ ਰਮਤਾ ਜੋਗੀ ਜਦ ਦਰਿਆ ਨੂੰ ਪਾਰ ਕਰੇ,
ਏਦਾਂ ਜਾਪੇ ਜਿੱਦਾਂ ਸੂਰਜ ਤੁਰ ਲਹਿ ਚੱਲਿਆ ਹੈ ਲਹਿੰਦੇ ਨੂੰ।

ਮੁੱਕ ਜਾਵਾਂਗੇ ਬਾਂਸਾਂ ਵਰਜਿਓ ਆਪਣੀਓਂ ਹੀ ਅੱਗ ਦੇ ਨਾਲ,
ਡੱਕਿਆ ਨਾ ਜੇ ਬਾਹਾਂ ਨੂੰ ਹੁਣ ਆਪਸ ਦੇ ਵਿਚ ਖਹਿੰਦੇ ਨੂੰ।

ਸਿੰਗਾਂ ਵਾਲੇ ਇਕ ਚਿਹਰੇ ਤੋਂ ਹਰਦਮ ਡਰਦਾ ਰਹਿੰਦਾ ਹਾਂ,
ਹਰ ਵੇਲੇ ਉਹ ਖ਼ੌਰੂ ਪਾਏ ਘੂਰੇ ਉੱਠਦੇ ਬਹਿੰਦੇ ਨੂੰ।

ਖ਼ਬਰਦਾਰ ਜੀ ਬਚ ਕੇ ਰਹਿਣਾ ਕੰਧਾਂ ਵਿਚ ਤਰੇੜਾਂ ਨੇ,
ਦੂਰ ਖਲੋਤੇ ਦੱਬ ਲੈਂਦੀ ਹੈ ਉੱਚੀ ਮਮਟੀ ਢਹਿੰਦੇ ਨੂੰ।

ਮੇਰੀ ਜੀਭ ਸੁਆਦਾਂ ਪਿੱਟੀ ਝੂਠ ਦਾ ਮਿੱਠਾ ਖਾਂਦੀ ਹੈ,
ਸੱਚ ਏਸ ਨੂੰ ਕੌੜਾ ਲਗਦੈ ਮਨ੍ਹਾਂ ਕਰੇ ਸੱਚ ਕਹਿੰਦੇ ਨੂੰ।

ਪਤਾ ਨਹੀਂ ਇਸ ਇਮਤਿਹਾਨ ਵਿਚ ਕਿੰਨਾ ਕੁ ਚਿਰ ਰਹਿਣਾ ਹੈ,
ਚਾਰ ਜੁੱਗ ਤਾਂ ਬੀਤ ਗਏ ਨੇ ਜ਼ੋਰ ਜਬਰ ਇਹ ਸਹਿੰਦੇ ਨੂੰ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /52