ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———27———

ਦੂਰ ਖੜ੍ਹਾ ਨਾ ਤੂੰ ਨਦੀ ਦੇ ਕਿਨਾਰਿਆਂ ਨੂੰ ਵੇਖ।
'ਵਾਜਾਂ ਮਾਰਦੀਆਂ ਲਹਿਰਾਂ ਦੇ ਇਸ਼ਾਰਿਆਂ ਨੂੰ ਵੇਖ।

ਮੋਰ ਲੂਸ ਗਏ ਪਰਿੰਦਿਆਂ ਦੇ ਖੰਭ ਖਿੱਲਰੇ,
ਮੇਘ ਮੰਗਦੇ ਸਾਂ ਮਿਲ ਗਏ ਅੰਗਾਰਿਆਂ ਨੂੰ ਵੇਖ।

ਵੇਖ ਸੱਥਰਾਂ ਦੇ ਨਾਲ ਕਿਵੇਂ ਭਰੇ ਸ਼ਮਸ਼ਾਨ,
ਕਿਵੇਂ ਰਾਤ ਦਿਨ ਚੀਰਦੇ ਨੇ ਆਰਿਆਂ ਨੂੰ ਵੇਖ।

ਐਵੇਂ ਰਾਤ ਦੀ ਉਡੀਕ 'ਚ ਨਾ ਚੁੱਪ ਕੀਤਾ ਬੈਠ,
ਇਨ੍ਹਾਂ ਦਿਨ ਦੀਵੀਂ ਚੜ੍ਹੇ ਚੰਨ-ਤਾਰਿਆਂ ਨੂੰ ਵੇਖ।

ਐਵੇਂ ਮੂਧੜੇ ਮੂੰਹ ਡਿੱਗੀ ਜਾਨੈਂ ਵੇਖ ਕੇ ਮੁਨਾਰੇ,
ਕੋਲ ਵੱਸਦੇ ਨੇ ਜਿਹੜੇ ਛੰਨਾਂ ਢਾਰਿਆਂ ਨੂੰ ਵੇਖ।

ਬੁੱਲ੍ਹ ਊਠ ਦਾ ਜੋ ਲਮਕੇ ਇਹ ਡਿੱਗਣਾ ਨਹੀਂ,
ਉੱਠ ਤੁਰ ਪਉ ਭਰਾਵਾ, ਨਾ ਤੂੰ ਲਾਰਿਆਂ ਨੂੰ ਵੇਖ।

ਤੈਨੂੰ ਸੁਣਦੇ ਸਾਂ ਬਾਤ ਨੂੰ ਮੁਕਾ ਕੇ ਬਹਿ ਗਿਆ,
ਜਿਹੜੇ ਜਾਗਦੇ ਨੇ ਉਨ੍ਹਾਂ ਦੇ ਹੁੰਗਾਰਿਆਂ ਨੂੰ ਵੇਖ।

ਸਮਤੋਲ ਵਿਚ ਪੈਰ ਤਾਹੀਉਂ ਅੱਗੇ ਅੱਗੇ ਜਾਣੇ,
ਕਦੇ ਜਿੱਤਿਆਂ ਨੂੰ ਵੇਖ ਕਦੇ ਹਾਰਿਆਂ ਨੂੰ ਵੇਖ।

ਜਿਹੜੇ 'ਨ੍ਹੇਰੀਆਂ 'ਚ ਬਾਲਦੇ ਨੇ ਦੀਵਿਆਂ ਦੀ ਪਾਲ,
ਤੇਰੇ ਆਪਣੇ ਨੇ ਮਿੱਤਰਾ ਪਿਆਰਿਆਂ ਨੂੰ ਵੇਖ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /53