ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———29———

ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਢਾਬ।
ਪੱਤੀ ਪੱਤੀ ਹੋ ਚੱਲਿਆ ਹੈ ਸਾਡਾ ਸੁਰਖ਼ ਗੁਲਾਬ।

ਕਿਸ ਚੰਦਰੇ ਨੇ ਲਿਖਿਆ ਹੈ ਇਹ ਜੰਗਲ ਦਾ ਕਾਨੂੰਨ,
ਅੱਖਰ ਅੱਖਰ ਖਾਣ ਨੂੰ ਆਏ ਆਦਮ ਖੋਰ ਕਿਤਾਬ।

ਸੰਕਟ ਕਾਲ ’ਚ ਜੰਮੇ ਜਾਏ ਪੁੱਛਣਗੇ ਜਦ ਸਾਨੂੰ,
ਸਿਵਿਆਂ ਦੇ ਵਿਸਥਾਰ ਦੇ ਬਾਰੇ ਕਿਹੜਾ ਦਊ ਜਵਾਬ।

ਸਾਹਾਂ ਦੀ ਇਹ ਡੋਰ ਭੂਤਰੇ ਸਾਨ੍ਹ ਦੇ ਪੈਰੀਂ ਉਲਝੀ,
ਮੈਂ ਜਾਣਾ ਜਾਂ ਮੌਲਾ ਜਾਣੇ ਹੋਈ ਜੋ ਮੇਰੀ ਬਾਬ।

ਬਾਬਾ ਨਾਨਕ ਤੇ ਮਰਦਾਨਾ ਜੋਟੀਦਾਰ ਪੁਰਾਣੇ,
ਚੁਸਤ ਮਜੌਰਾਂ ਵੱਖਰੇ ਕੀਤੇ ਬਾਣੀ ਅਤੇ ਰਬਾਬ।

ਸਤਲੁਜ ਤੇ ਰਾਵੀ ਵਿਚ ਡੁੱਬੀਆਂ ਹੇਕਾਂ, ਚੀਕਾਂ, ਕੂਕਾਂ,
ਹੰਝੂਆਂ ਨਾਲ ਬਿਆਸਾ ਭਰਿਆ ਨੱਕੋ ਨੱਕ ਚਨਾਬ।

ਨੇਰ੍ਹੇ ਦੇ ਵਿਚ ਟੋਹ ਟੋਹ ਤੁਰੀਏ ਰੋਜ਼ਾਨਾ ਹੀ ਭੁਰੀਏ,
ਸਮਝ ਨਾ ਆਵੇ ਕਦ ਮੁੱਕੇਗਾ ਯਾਰੋ ਚੰਦਰਾ ਖ਼੍ਵਾਬ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /55