ਪੰਨਾ:ਤੱਤੀਆਂ ਬਰਫ਼ਾਂ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੬)

ਕਾਕੇ

ਕਿਸੇ ਦੇ ਕਾਕੇ ਲਾਣ ਪਚਾਕੇ, ਕਿਸੇ ਦੇ ਕਟਣ ਫਾਕੇ।
ਕਿਸੇ ਦੇ ਕਾਕੇ ਲੈਣ ਪਟਾਕੇ, ਕਿਸੇ ਦੇ ਖਾਣ ਚਟਾਕੇ।
ਕਿਸੇ ਦੇ ਕਾਕੇ ਪਾਣ ਪੁਸ਼ਾਕੇ, ਕਿਸੇ ਦੇ ਸੌ ਸੌ ਟਾਕੇ।
ਕਿਸੇ ਦੇ ਕਾਕੇ ਸੋਹਣੇ ਬਾਂਕੇ, ਕਿਸੇ ਦੇ ਆਕੇ ਬਾਕੇ।
ਕਿਸੇ ਦੇ ਕਾਕੇ ਲਾਣ ਗਟਾਕੇ, ਕਿਸੇ ਦੇ ਰਹਿਣ ਕੜਾਕੇ।
ਕਿਸੇ ਦੇ ਕਾਕੇ ਖੁਸ਼ੀ ਖਵਾ ਕੇ, ਕਿਸੇ ਦੇ ਖੁਸ਼ੀ ਗਵਾ ਕੇ।
ਕਿਸੇ ਦੇ ਕਾਕੇ ਖਾਣ ਛੁਪਾ ਕੇ, ਕਿਸੇ ਦੇ ਵੰਡ ਵੰਡਾ ਕੇ।
ਕਿਸੇ ਦੇ ਕਾਕੇ ਲੈਣ ਚੁਰਾ ਕੇ, 'ਕਿਰਤੀ' ਖਾਣ ਕਮਾ ਕੇ।
ਜੇਕਰ ਪੁਤਰ ਚੰਗਾ ਹੋਸੀ, ਜੋੜ ਲਏਗਾ ਮਾਇਆ।
ਜੇਕਰ ਪਤਰ ਭੈੜਾ ਹੋਸੀ, ਰੋਹੜ ਦਏਗਾ ਮਾਇਆ।
ਤਾਂ ਤੇ ਪੁਤਰ ਖਾਤਰ ਮਾਇਆ ਦੀ ਕੀ ਚਿੰਤਾ ਤੈਨੂੰ,
'ਕਿਰਤੀ' ਆਪਣੀ ਭਲੀ ਨਿਭਾ ਕੇ, ਸਮਝੀਂ ਸਭ ਕਮਾਇਆ।

ਧੀਆਂ


ਜਿਨ੍ਹਾਂ ਘਰ ਧੀਆਂ ਨੇ, ਉਹ ਕਰਮਾਂ ਵਾਲੇ ਨੇ।
ਦਾਨੇ, ਜਗ ਆਂਹਦੇ ਨੇ, ਘਰ ਨੂੰ ਪ੍ਰਨਾਲੇ ਨੇ।
ਜਿਥੇ ਪਰਨਾਲਾ ਏ, ਕੋਠਾ ਨਾ ਢਹਿੰਦਾ ਏ।
ਪਰਨਾਲੇ ਬਾਝੋਂ ਤਾਂ, ਸਦਾ ਖਤਰਾ ਰਹਿੰਦਾ ਏ।
ਨੂੰਹ ਤਾਂ ਲੈ ਆਵਣ, ਘਰ ਤੋਂ ਨਾ ਟੋਰਨ ਜੋ।
'ਕਿਰਤੀ' ਹੰਕਾਰੀ ਹੋ, ਦੁਖਾਂ ਸੰਗ ਜੋੜਨ ਜੋ।
ਲੋਕੀ ਧੀਆਂ ਜੰਮਨ ਉਤੇ, ਰੋਂਦੇ ਤੇ ਕੁਰਲਾਂਦੇ ਸੀ।
ਰੋਂਦੇ ਕੀਹ ਫੜ ਜੰਮਦੀਆਂ ਨੂੰ, ਹਥੋਂ ਦੇ ਮਰਵਾਂਦੇ ਸੀ।
ਕਿਉਂਕਿ ਡਰ ਸੀ ਪੁਤ ਬਗਾਨੇ ਦੇ, ਲੜ ਲਾਣਾ ਪੈਣਾ ਏ।
ਹਥੋਂ ਦੇ ਕੇ ਹਥ ਜੋੜਨੇ, ਸੀਸ ਝੁਕਾਣਾ ਪੈਣਾ ਏ।
ਪਤਾ ਨਹੀਂ ਫਿਰ ਕੇਹੜੀ ਗਲੇ,ਉਸ ਨੇ ਰਾਜ਼ੀ ਰਹਿਣਾ ਏ।
ਵਾਲ ਬਗਾਨੇ ਹਥ ਫੜਾਨੇ, ਖੋਹ ਛਡੇ ਕੀਹ ਕਹਿਣਾ ਏ।
'ਕਿਰਤੀ' ਗਲ ਗਰੀਬਾਂ ਦੀ ਕੀਹ,ਤੋਬਾ ਕੀਤੀ ਧਨੀਆਂ ਨੇ।
ਸਾਰ ਧੀਆਂ ਦੀ ਸੋਈ ਜਾਨਣ,ਜਨੀਆਂ ਜਿਨ੍ਹਾਂ ਬਨੀਆਂ ਨੇ।