ਪੰਨਾ:ਤੱਤੀਆਂ ਬਰਫ਼ਾਂ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੯੮)

ਜਲੰਧਰ ਜੇਹਲ ਵਿਚ ਲਿਖੀ, ਇਖਲਾਕੀ ਕੈਦੀਆਂ ਦੇ ਪਛਤਾਵੇ

ਜੇਹਲ ਤੋਂ ਬਾਹਰ

ਅੰਦਰ ਜੇਹਲ ਦੇ ਦੁਖੜੇ ਜਰਨ ਨਾਲੋਂ,
ਬਾਹਰ ਦੁਸ਼ਮਨਾਂ ਤੋਂ ਦੁਖ ਜਰਨ ਚੰਗਾ।
ਅੰਦਰ ਅਫਸਰਾਂ ਦੇ ਕੋਲੋਂ ਡਰਨ ਨਾਲੋਂ,
ਬਾਹਰ ਬੁਰੇ ਗੁਨਾਹ ਤੋਂ ਡਰਨ ਚੰਗਾ।
ਅੰਦਰ ਸਖਤ ਮੁਸ਼ੱਕਤਾਂ ਕਰਨ ਨਾਲੋਂ,
ਬਾਹਰ ਸਖਤ ਮਜੂਰੀਆਂ ਕਰਨ ਚੰਗਾ।
ਅੰਦਰ ਮੁਫਤ ਦੀਆਂ ਚੱਟੀਆਂ ਭਰਨ ਨਾਲੋਂ,
ਬਾਹਰ ਧਰਮ ਦੇ ਡੰਨ ਨੂੰ ਭਰਨ ਚੰਗਾ।
ਅੰਦਰ ਵਿਚ ਕਲੇਸ਼ ਦੇ ਸੜਨ ਨਾਲੋਂ,
ਬਾਹਰ ਬੋਲ ਸਹਾਰ ਕੇ ਸੜਨ ਚੰਗਾ।
ਅੰਦਰ ਨਾਲ ਮੁਸੀਬਤਾਂ ਮਰਨ ਨਾਲੋਂ,
ਬਾਹਰ ਦੇਸ ਖਾਤਰ 'ਕਿਰਤੀ' ਮਰਨ ਚੰਗਾ।

ਕੁਦਰਤ ਦੀ ਖੇਡ

ਨਦੀ ਕਿਨਾਰੇ ਬਾਰਾਂ ਸਿੰਗਾ, ਪੀਨ ਆ ਗਿਆ ਪਾਣੀ।
ਮਗਰ ਸ਼ਿਕਾਰੀ, ਲਗਾ ਉਸਦੇ ਮਾਰੇ ਤੀਰ ਨਸ਼ਾਨੀ।
ਮਛਲੀ, ਆਪਣੀ ਮਸਤੀ ਦੇ ਵਿਚ ਵਤੇ ਆਪ ਮੁਹਾਨੀ।
ਇੱਲ, ਅਕਾਥੋਂ ਝਪਟ ਮਾਰਕੇ ਫੜਕੇ ਉਤਾਂਹ ਉਡਾਨੀ।
ਫਸੀ ਅਚਾਨਕ ਸਿੰਙਾਂ ਦੇ ਵਿਚ ਓਥੇ ਜਾਨ ਗਵਾਨੀ।
ਤਿੰਨੇ ਮਰ ਗੈ ਇਕੋ ਜਗਾਹ ਐਸੀ ਕਲਾ ਭਵਾਨੀ।
ਜਲ, ਬਲ, ਅਤੇ ਅਕਾਸ਼ਾਂ ਵਿਚੋਂ ਫੜ ਫੜ ਮੇਲ ਮਲਾਨੀ।
'ਕਿਰਤੀ' ਚਤਰ ਸਿਆਣੀ ਡਿਠੀ ਏਹ ਹੈ ਕੁਦਰਤ ਰਾਣੀ