ਪੰਨਾ:ਤੱਤੀਆਂ ਬਰਫ਼ਾਂ.pdf/104

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ(੯੯)

* ਜੇਹਲ ਦੇ ਦੁਖ

ਜਦੋਂ ਬੰਦਿਆਂ ਦੀ ਮਾਰੀ ਮਤ ਜਾਂਦੀ,
ਭੈੜੇ ਦਿਨਾਂ ਦੇ ਗੇੜ ਪਲਟ ਦੇ ਨੇ।
ਨਿਕੀ ਗਲ ਤੋਂ ਖੇਡ ਵਗਾੜ ਲੈਂਦੇ,
ਇਕ ਦੂਸਰੇ ਦੇ ਸਿਰ ਫਟ ਦੇ ਨੇ।
ਪਤਾ ਲਗਦਾ ਕੀਤਿਆਂ ਕਾਰਿਆਂ ਦਾ,
ਜਦੋਂ ਜੇਹਲ ਅੰਦਰ ਫੜ ਕੇ ਸੁਟ ਦੇ ਨੇ।
ਦਿਨ ਮੁਕਦੇ ਨਾ ਰਾਤੀਂ ਨੀਂਦ ਆਵੇ,
ਨਾਲ ਹੌਕਿਆਂ ਦੇ ਦਿਲ ਘਟ ਦੇ ਨੇ।
ਵੇਲੇ ਯਾਦ ਆਵਨ ਫੇਰ ਸੁਖਾਂ ਵਾਲੇ,
ਮੁੰਝਾਂ ਕਟ ਦੇ ਤੇ ਵਾਨ ਵਟ ਦੇ ਨੇ।
ਘਰੀਂ ਕੋਈ ਨਾ ਚੀਜ਼ ਪਸੰਦ ਆਵੇ,
ਫੜ ਕੇ ਔਰਤਾਂ ਦੀ ਗੁਤ ਪਟ ਦੇ ਨੇ।
ਛਜ ਛਜ ਜੇਡੇ ਫੁਲਕੇ ਪੈਣ ਖਾਣੇ,
ਸਿਧੇ ਤੀਰ ਹੁੰਦੇ ਦਿਨ ਕੱਟ ਦੇ ਨੇ।
ਛੋਲੇ ਚਬਦੇ ਤੇ ਨਾਨੀ ਯਾਦ ਆਵੇ,
ਬਾਟੇ ਲੋਹੇ ਵਾਲੇ ਜਦੋਂ ਚੱਟ ਦੇ ਨੇ।
ਖਟਮਲ ਕੰਬਲਾਂ ਦੇ ਵਿਚੋਂ ਡੰਗ ਮਾਰਨ,
ਖੂਨ ਚੂਸ ਲੈਂਦੇ ਨਾਲ ਝਟ ਦੇ ਨੇ।
'ਕਿਰਤੀ' ਕੋਈ ਭਾਗਾਂ ਵਾਲੇ ਸਬਕ ਲੈਂਦੇ,
ਕੰਮਾਂ ਭੈੜਿਆਂ ਦੇ ਉਤੋਂ ਹਟ ਦੇ ਨੇ।

* ਯੋਹਲ ਜੇਹਲ ਵਿਚ ਇਖਲਾਕੀ ਕੈਦੀਆਂ ਨੂੰ ਵੇਖ ਕੇ ਲਿਖੀ।