ਪੰਨਾ:ਤੱਤੀਆਂ ਬਰਫ਼ਾਂ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੦

ਹਿੰਦੀ ਦੇਵੀ

ਕਿਥੇ ਗਿਆ ਸਮਾਂ ਉਹ ਜਦ ਸੀ ਧਰਮ ਸ਼ਰਮ ਜਗ ਅੰਦਰ।
ਹਿੰਦੁਸਤਾਨੀ ਦੇਵੀ ਦਾ ਏਹ ਸੋਹਣਾ ਭਾਰਤ ਅੰਦਰ।
ਸੋਲਾਂ ਕਰਨ ਸ਼ਿੰਗਾਰ ਘਰਾਂ ਵਿਚ ਨਹੀਂ ਸੀ ਹੁਸਨ ਹੁਦਾਰਾ।
ਆਪਣੇ ਜੀਵਨ ਨਾਲੋਂ ਹੈਸੀ ਬਹੁਤਾ ਧਰਮ ਪਿਆਰਾ।
ਜਾਵਨ ਧਰਮ ਸਥਾਨਾਂ ਅੰਦਰ ਸਾਦੇ ਬਸਤਰ ਪਾਕੇ।
ਸੁਚਾ ਸਾਫ ਪਵਿਤਰ ਮਸਤਕ ਲਾਵਨ ਚਰਨੀ ਜਾਕੇ।
ਵਾਂਗ ਭਰਾਵਾਂ ਸਮਝ ਆਪਣੇ ਬੈਠੇ ਵੀਰ ਪਿਆਰੇ।
ਨੀਵੀਂ ਨਜ਼ਰਾਂ ਅਖੀਂ ਸ਼ਰਮਾਂ ਸੰਗਤ ਤੋਂ ਬਲਿਹਾਰੇ।
ਮਾਨੋਂ ਦੇਵਤਿਆਂ ਦੇ ਵਾਂਗਰ ਹਰ ਇਕ ਸੀਸ ਨਿਵਾਂਦਾ।
ਭੁਲ ਭੁਲੇਖੇ ਮੈਲੀਆਂ ਅੱਖਾਂ ਕੋਈ ਨਾ ਕਿਸੇ ਤਕਾਂਦਾ।
ਮਾਵਾਂ ਵਾਂਗਰ ਬਚਿਆਂ ਤਾਈਂ ਦਸਨ ਕਰਨੀ ਸੇਵਾ।
ਤਾਂ ਸੀ ਧਰਮ ਸਥਾਨਾਂ ਉੱਤੇ ਮਿਲਦਾ ਹਰ ਇਕ ਮੇਵਾ।
ਮਨ ਦੀ ਮੈਲ ਹਟਾਵਨ ਜਾਕੇ ਹਥੀਂ ਬਹੁਕਰ ਦਿਸੇ।
'ਕਿਰਤੀ' ਜੁਗਤ ਸਿਖਾਨੀ ਸੋਹਣੀ ਸੀ ਭੈਣਾਂ ਦੇ ਹਿਸੇ।

ਮਸੂਮ ਬਚਾ (ਫਲ)

ਫੁਲੋਂ ਵਧ ਪਿਆਰਾ ਸੀ ਤੇ ਸੁੰਦਰ ਵੀ ਫੁਲ ਜਿਹਾ।
ਜੋ ਵੇਖੇ ਡਾਢਾ ਖੁਸ਼ ਹੋਵੇ ਪਰ ਏਹ ਸਮਾਂ ਨਾ ਰਿਹਾ।

ਕੁਆਰ ਵਸਥਾ (ਪੰਛੀ)


ਪੰਛੀ ਸੀ ਬਿਨ ਪੁਛਣ ਦੇ ਹੀ ਜਹਾਂ ਚਾਹਵੇ ਤਰਾਂ ਜਾਵੇ।
ਫਸਕੇ ਜ਼ੁਲਫ ਜਾਲ ਵਿਚ ਮੂਰਖ ਏਹ ਵੀ ਸਮਾਂ ਗਵਾਵੇ।

ਜਵਾਨੀ ਮਸਤਾਨੀ (ਢੋਰ)


ਦੋ ਲਤਾ ਸੀ ਪੰਛੀ ਹੁਣ ਏਹ ਚਾਰ ਲਤਾ ਪਸ਼ੂ ਹੋਇਆ।
ਢੋਰਾਂ ਤੋਂ ਵਧ ਭਾਰ ਢੋਂਵਦਾ ਸਿਰ ਫਿਸਿਆ ਤਾਂ ਰੋਇਆ।

ਬੁਢਾਪਾ (ਕੰਨਕੋਲ) ਕੰਨ ਖਜੂਰਾ


ਕੰਨ ਖਜੂਰੇ ਵਾਂਗ ਬਣਿਆ ਤਾਂ ਕੰਨ ਮੂਰਖ ਦੇ ਖੁਲੇ।
ਲੁਕ ਲੁਕ ਕੇ ਦਿਨ ਕਟੇ ਕਿਰਤੀ ਕੁਲ ਚਲਿਤ੍ਰ ਭੁਲੇ।