ਪੰਨਾ:ਤੱਤੀਆਂ ਬਰਫ਼ਾਂ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੧)

ਲੈਟਰ-ਬਕਸ ਦੀ ਲਾਲੀ

ਲੈਟਰ-ਬਕਸਾ ਦਸ ਭਰਾਵਾ, ਤੂੰ ਕੀ ਕਰਮ ਕਮਾਇਆ।
ਮੋਟਾ, ਤਾਜਾ, ਲਾਲ, ਬੁਝਕੜ, ਚਿਭੜ ਮੂੰਹ ਬਣਾਇਆ।
ਤੈਥੋਂ ਕੋਈ ਨਾਂ ਮੰਗਣ ਆਵੇ, ਜੋ ਆਵੇ ਮੂੰਹ ਪਾਵੇ।
ਤੇਰੇ ਪੇਟ ਚਿ ਜੋ ਜੋ ਪੈਂਦਾ, ਸਾਰਾ ਹੀ ਪਚ ਜਾਵੇ।
ਹੱਸ ਬੋਲਿਆ ਅਗੋਂ ਡਾਢਾ, ਸੁਣ ਮੈਂ ਗਲ ਸੁਣਾਵਾਂ।
ਤੇਰੇ ਦਿਲ ਦਾ ਸਾੜ ਹੁਣੇ ਮੈਂ ਸਾਰਾ ਦੂਰ ਕਰਾਵਾਂ।
ਮੈਂ ਨਹੀਂ ਖਾਂਦਾ ਲਾਲ ਟਮਾਟਰ, ਨਾ ਹੀ ਦੁਧ ਮਲਾਈਆਂ।
ਉਲਟੇ ਸੁਕੇ ਕਾਗਜ਼ ਲਿਖ ਕੇ, ਲੋਕਾਂ ਚਿੱਠੀਆਂ ਪਾਈਆਂ।
ਪਰ ਮੈਂ ਲਾਲੋ ਲਾਲ ਹੋਂਵਦਾ, ਜਾਂ ਚਿੱਠੀ ਕੋਈ ਪਾਵੇ।
ਕਿਉਂਕਿ ਇਕ ਵਾਰ ਤਾਂ ਮੈਨੂੰ ਨਾਲ ਪਿਆਰ ਤਕਾਵੇ।
ਜੇ ਕੋਈ ਸਾਹੇ ਚਿੱਠੀ ਲਿਖ ਕੇ ਕੇਸਰ ਚਾ ਛੜਕਾਵੇ।
ਉਸ ਦੀ ਲਾਲੀ ਖੁਸ਼ੀ ਭਰੀ, ਉਹ ਮੈਨੂੰ ਖੁਸ਼ੀ ਪੁਚਾਵੇ।
ਸਗਨਾਂ ਵਾਲੇ ਸਾਲੂ ਦਾ ਜਾਂ ਮਹਿੰਦੀ ਦੇ ਰੰਗ ਵਾਗੂੰ।
ਟਪਕ, ਟਪਕ ਕੇ ਪੈਣ ਉਛਾਲੇ, ਮੇਰੇ ਹੋ, ਹੋ ਲਾਗੂ।
ਅੰਦਰ ਉਸਦਾ ਖਿੜ ਖਿੜ ਪੈਂਦਾ ਮਿਤਰ ਨੂੰ ਜਾਂ ਪਾਵੇ।
ਉਹ ਭੀ ਲਾਲ ਖੁਸ਼ੀ ਵਿਚ ਹੋ ਕੇ ਆ ਮੈਨੂੰ ਹੱਥ ਲਾਵੇ।
ਚਿਠੀ ਨਿਰੀ ਮੁਹਬਤ ਵਾਲੀ ਲਿਖੀ ਮੁਜ਼ਾਖਾਂ ਵਾਲੀ।
ਢਿਡ ਮੇਰੇ ਵਿਚ ਭੜਥੂ ਪਾਂਦੀ ਰਾਣੀ ਖਾਂ ਦੀ ਸਾਲੀ।
ਪਰ ਕੋਈ ਜੇਕਰ ਗੁਸੇ ਦੇ ਵਿਚ ਨੋਟਿਸ ਲਿਖ ਲਿਆਵੇ।
ਅੰਦਰੋਂ ਬਾਹਰੋਂ ਲਾਲੀ ਉਸ ਦੀ ਮੈਨੂੰ ਚੜ੍ਹਦੀ ਜਾਵੇ।
ਜਾਂ ਕੋਈ ਸੜਿਆ ਬਲਿਆ ਬੰਦਾ ਨਿਰੀ ਬਰੰਗ ਚਾ ਪਾਵੇ।
ਉਹ ਤਾਂ ਮੈਨੂੰ ਹੋਰ ਭੀ ਡਾਢੀ ਘੁੰਡੀ ਵਿਚ ਫਸਾਵੇ।
ਕੋਈ ਕਰੋਧੀ ਲਿਖਦਾ ਲਿਖਦਾ ਕਈ ਵਾਰ ਘਬਰਾਂਦਾ।
ਗੁਸੇ ਦੇ ਵਿਚ ਸੜਦੇ ਦਾ ਸਿਰ ਚੱਕਰ ਖਾ ਖਾ ਜਾਂਦਾ।