ਪੰਨਾ:ਤੱਤੀਆਂ ਬਰਫ਼ਾਂ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੫)

ਗ੍ਰਹਿਸਤ ਪ੍ਰਧਾਨ ਹੈ

ਕਰਤੇ ਦੀ ਕੁਦਰਤ ਨੇ ਏਹ ਖੇਲ ਬਣਾਇਆ ਏ।
ਰਸਮਾਂ ਦੀਆਂ ਰਸੀਆਂ ਪੀ ਜਗ ਧੰਦੇ ਲਾਇਆ ਏ।
ਕੋਈ ਮਾਤਾ ਬਣ ਆਈ ਕੋਈ ਪਤਾ ਸਦਾਂਦਾ ਏ।
ਕੋਈ ਵੀਰ ਪਿਆਰਾ ਬਣ ਪਿਆ ਲਾਡ ਲਡਾਂਦਾ ਏ।
ਇਸ ਖੇਡੇ ਲਾਣ ਲਈ ਇਕ ਕਾਜ ਰਚਾਇਆ ਏ।
ਸੋਹਣੇ ਜਹੇ ਫਰਜ਼ਾਂ ਦਾ ਕੁਝ ਭਾਰ ਚੁਕਾਇਆ ਏ।
ਬੇਸ਼ਕ ਕੋਈ ਦਾਨਾ ਏ, ਪਰ ਫੇਰ ਅੰਞਾਣਾ ਏ।
ਏਹ ਰਸਤਾ ਐਸਾ ਹੈ ਜੋ ਬਹੁਤ ਪੁਰਾਣਾ ਏ।
ਲੋਕੀਂ ਭੀ ਟੁਰਦੇ ਨੇ ਗੁਰਮੁਖ ਵੀ ਟੁਰਦੇ ਨੇ।
ਪਰ ਸੌਖੇ ਰਹਿੰਦੇ ਨੇ ਜੋ ਰਲ ਕੇ ਟੁਰਦੇ ਨੇ।
ਓਹੀ ਜਗ ਦਾਨੇ ਨੇ, ਤੇ ਓਹੀ ਸਿਆਣੇ ਨੇ।
ਜੀਵਨ ਦੇ ਜਿਨ੍ਹਾਂ ਨੇ ਕੁਝ ਫਰਜ਼ ਪਛਾਣੇ ਨੇ।
ਸੇਵਾ ਹੀ ਜਾਦੂ ਏ, ਸੇਵਾ ਹੀ ਟੂਨੇ ਨੇ।
ਅਗੇ ਦਾ ਪਤਾ ਨਹੀਂ ਪਰ ਏਥੇ ਦੂਣੇ ਨੇ।
ਸੁਖ ਦੇਣਾ ਪੈਂਦਾ ਏ ਜੇਕਰ ਸੁਖ ਪਾਣਾ ਏ।
ਜਗ ਦੀ ਹੈ ਰੀਤ ਇਹੋ ਸੁਖ ਪਵੇ ਵਟਾਣਾ ਏ।
ਦੁਨੀਆਂ ਤੇ ਸੋਭਾ ਦਾ ਜੇ ਜੀਵਨ ਜੀਣਾ ਏ।
ਸਤਿਗੁਰ ਦੀ ਬਾਣੀ ਦਾ ਸਦ ਅੰਮ੍ਰਿਤ ਪੀਣਾ ਏ।
ਇਸ ਰਸਤੇ ਜਾਣ ਲਈ ਕੋਈ ਸਾਥ ਬਨਾਣਾ ਏ।
ਪਰ ਸਾਥ ਬਣਾ ਕੇ ਫਿਰ ਕੁਝ ਤੋੜ ਝੜਾਣਾ ਏ।
ਫੈਸ਼ਨ ਓਹ ਕਰਨਾ ਹੈ ਜੋ ਜਗ ਨੂੰ ਭਾਣਾ ਏ।
ਤੇ ਸਿਖ ਅਸੂਲਾਂ ਨੂੰ ਨਾ ਦਿਲੋਂ ਭੁਲਾਣਾ ਏ।
ਉਸ ਲੋਕ ਸਵਾਰ ਲਿਆ ਪਰਲੋਕ ਸਵਾਰ ਲਿਆ।
'ਕਿਰਤੀ' ਜਿਸ ਫਰਜ਼ਾਂ ਨੂੰ ਮਨ ਅੰਦਰ ਧਾਰ ਲਿਆ।