ਪੰਨਾ:ਤੱਤੀਆਂ ਬਰਫ਼ਾਂ.pdf/112

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੦੭)

ਹਕਮ ਰਜ਼ਾਈਂ ਚਲਨਾ

ਸ੍ਰੀ ਰਾਮ ਜੀ ਗਏ ਬਨਬਾਸੀਂ, ਕਰੀ ਨਾ ਹੁਕਮ ਅਦੂਲੀ।
ਸ੍ਰੀ ਕਿਸ਼ਨ ਦੀ ਕੁਲ ਮੁਕਾਈ, ਨਹੀਂ ਸੀ ਬਾਤ ਮਮੂਲੀ।
ਹਰੀ ਚੰਦ ਰਾਜੇ ਅਤੇ ਰਾਣੀ ਨੇ, ਕਠਨ ਘਾਲਨਾ ਘਾਲੀ।
ਨਲ ਰਾਜੇ ਤੋਂ ਵਿਛੜ ਦਮਯੰਤੀ, ਬਿਨ ਪਿਰ ਖਾਕੀਂ ਰੂਲੀ।
ਸ੍ਰੀ ਕਲਗੀਧਰ ਧਰਮ ਖਾਤਰੇ, ਆਪਣੀ ਜਿੰਦੜੀ ਹੂਲੀ।
ਬਚਿਆਂ ਛੱਡ ਕੇ ਐਸ਼ ਰਾਜ ਦੇ, ਅਧਰਮੋਂ ਮੌਤ ਕਬੂਲੀ।
ਸਿੰਘਣੀਆਂ ਟੋਟੇ ਝੋਲੀ ਪਵਾਏ, ਜ਼ਿੰਦਗੀ ਸਮਝ ਫਜ਼ੂਲੀ।
ਅਖਾਂ ਸਾਹਵੇਂ ਹਾਰ ਪੁਰਾਏ, ਜੋ ਜੋ ਬੋਟੀ ਕੂਲੀ।
ਹੁਕਮ ਰਜ਼ਾ ਵਿਚ ਰਹੇ ਬਿਨ ਬੰਦੇ, ਹੋਏ ਨਾ ਕੁਝ ਵਸੂਲੀ।
ਆਪਣਿਆਂ ਤੋਂ ਰਬ ਜੀ ਇੰਜ ਕਰਾਵਣ,ਅਸੀਂ ਕੇਹੜੇ ਬਾਗ ਦੀ ਮੂਲੀ।

ਤਥਾ


ਕਦੇ ਦੁਖ ਆ ਬਣੇ ਵਛੋੜਿਆਂ ਦਾ,
ਇਕ ਮਿੰਟ ਹੋਵੇ ਭਾਵੇਂ ਸਾਲ ਹੋਵੇ।
ਕਦੇ ਦੁਖ ਆ ਬਣੇ ਬੇਕਾਰੀਆਂ ਦਾ,
ਹੋਵੇ ਧਨੀ ਤਾਂ ਝਟ ਕੰਗਾਲ ਹੋਵੇ।
ਕਦੇ ਦੁਖ ਬਣਦਾ ਆ ਕੇ ਮੌਤ ਵਾਲਾ,
ਭਾਵੇਂ ਬਿਰਧ ਹੋਵੇ ਭਾਵੇਂ ਬਾਲ ਹੋਵੇ।
ਕਦੇ ਦੁਖ ਬਣਦੇ ਵਡੇ ਝਗੜਿਆਂ ਦੇ,
ਬੰਦਾ ਦੁਖੀ ਡਾਢਾ ਵਾਲ ਵਾਲ ਹੋਵੇ।
ਸਿਰ, ਤੇ ਹਥ ਸਮਰਥ ਜੇ ਗੁਰੂ ਰਖੇ,
ਹੁਕਮ ਮੰਨਣ ਦੀ ਸਿਧੀ ਚਾਲ ਹੋਵੇ।
ਤਦੋਂ ਪੁਜ ਜਾਏ ਮੰਡੀ ਮੁਕਤ ਅੰਦਰ,
ਵਾਂਗਰ ਲਾਲ ਦੇ ਫੇਰ ਸੰਭਾਲ ਹੋਵੇ।
ਲਾਲ ਸਿੰਘ ਭਰਾਤਾ 'ਕਿਰਤੀ'