ਪੰਨਾ:ਤੱਤੀਆਂ ਬਰਫ਼ਾਂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੮)

ਦੁਸ਼ਟ ਮਤੇ

ਪੰਜੇ, ਬੈਠਕੇ ਕਰਨ ਸਲਾਹ ਲਗੇ,
ਏਥੋਂ ਧਰਮ, ਨੂੰ ਮਾਰ ਮੁਕਾਵਨਾ ਏਂ।
ਮੂਲ ਪਤ ਨਾ ਧਰਮ ਦੀ ਰਹਿਣ ਦੇਣੀ,
ਇਹਨੂੰ ਦੇਸ ਤੋਂ ਕਢ ਵਖਾਵਨਾ ਏਂ।
ਖਿਮਾਂ, ਖੁਮਾ ਹੋਰਾਂ ਆਪੇ ਨਸ ਜਾਣਾ,
ਦਇਆ, ਆਪਣਾ ਮੂੰਹ ਲੁਕਾਵਨਾ ਏਂ।
ਇਹਨਾਂ ਭਜਦਿਆਂ ਮਿਲੇ ਨਾ ਰਾਹ ਕਿਧਰੇ
ਐਸਾ ਸਾਰਿਆਂ ਜੋਰ ਲਗਾਵਨਾ ਏਂ।

ਕਾਮ ਦੀ ਲਲਕਾਰ



ਪਹਿਲਾਂ ਉਠਕੇ ਕਾਮ, ਨੇ ਡੀਂਗ ਮਾਰੀ,
ਜ਼ਰਾ ਵੇਖਣਾ ਹਥ ਮਸਤਾਨਿਆਂ ਦਾ।
ਅਸਾਂ ਸਪ ਦੇ ਵਾਂਗਰਾਂ ਡੰਗਨਾ ਏਂ,
ਮਾਨ ਟੁਟਨਾ ਬੜੇ ਸਿਆਨਿਆਂ ਦਾ।
ਬੁਧੂ ਲਾਨਿਆਂ ਦੀ ਰਹੀ ਗਲ ਕਿਧਰੇ,
ਪੀਲਾ ਰੰਗ ਹੋਣਾ ਵਡੇ ਦਾਨਿਆਂ ਦਾ।
ਮਨ ਮਾਰਨੇ ਨੂੰ ਜਿਨ੍ਹਾਂ ਅੰਨ ਛਡੇ,
ਤਨ ਰੂਪ ਬਣਾ ਲਿਆ 'ਕਾਨਿਆਂ' ਦਾ।
ਨੋਕ ਕਲਮ ਦੀ ਵਾਂਗਰਾਂ ਘੜਾਂ ਐਸੇ
ਚਾਕੂ ਚਾਹੜਕੇ ਜਾਨ ਨਿਸ਼ਾਨਿਆਂ ਦਾ।
'ਨਥ' ਵੇਂਹਦਿਆਂ ਹੀ ਆਪ ਨਥ ਘਤਨ,
ਰੈਹਸੀ ਹਾਲ ਨਾ ਕੋਈ ਹਰਾਨਿਆਂ ਦਾ।
ਵਾਂਗਰ ਬੀਨ ਦੇ ਸ਼ਾਹ ਹਦੀਨ ਹੋਸਨ,
ਝੁਰਲੂ ਫੇਰਸਾਂ ਜਦੋਂ ਟਕਾਨਿਆਂ ਦਾ।