ਪੰਨਾ:ਤੱਤੀਆਂ ਬਰਫ਼ਾਂ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੦)

ਖਾਲਸਾ ਬ੍ਰਿਛ

ਗੁਰ ਨਾਨਕ ਨੇ ਬੂਟਾ ਲਾਇਆ ਸਿਖ ਪੰਥ ਦਾ ਆਏ।
ਦਸਾਂ ਗੁਰਾਂ ਤੇ ਸਿਖ ਅਨੇਕਾਂ ਸੋਹਣੇ ਫਰਜ਼ ਨਿਭਾਏ।
ਪਾਣੀ ਦੀ ਥਾਂ ਖੂਨ, ਪਾਏ ਕੇ ਜੜ੍ਹਾਂ ਪਤਾਲ ਲਗਾਏ।
ਇਸ ਦੇ ਫੁਲਾਂ ਵਾਲੀ ਖੁਸ਼ਬੂ ਸਭ ਨੂੰ ਮਸਤ ਕਰਾਏ।
ਕਲਗੀਧਰ ਜੀ ਕਾਇਆ ਪਲਟੀ ਅੰਮ੍ਰਿਤ ਪਿਉਂਦ ਲਗਾਕੇ।
ਸਿਖ ਸਪਾਹੀ, ਰਾਜਾ ਜੋਗੀ, ਇਕਸੇ ਰੂਪ ਸਜਾਕੇ।
ਲੋੜ ਪਵੇ ਤਾਂ ਮਾਲਾ, ਵਾਲੇ ਹਥੀਂ ਤੇਗ, ਉਠਾਕੇ।
ਦੁਖੀਆਂ ਦੇ ਦੁਖ ਦੂਰ ਕਰੇ, ਤੇ ਹਸੇ ਆਪ ਗਵਾਕੇ।
ਏਸਤਰਾਂ ਦੇ ਸਿਖ ਸਪਾਹੀ ਜੇਕਰ ਬਨਣਾ ਚਾਹੋ।
ਅੰਮ੍ਰਿਤ ਖੰਡੇ ਧਾਰ ਪੀਓ ਤੇ ਸਦਾ 'ਅਮਰ' ਹੋ ਜਾਓ।
ਨੀਚ ਊਚ ਦਾ ਭੇਦ ਮਟਾਕ ਦੁਖੀਆਂ ਦਰਦ ਵੰਡਾਓ।
'ਕਿਰਤੀ' ਸਫਲਾ ਜੀਵਨ ਹੋਵੇ ਸਚੇ ਸਿੱਖ ਸਦਾਓ।
ਚੜੇ ਵਸਾਖ ਵਸਾਖੀ ਆਈ ਖੁਸੀ ਕਰੇ ਜਗ ਸਾਰਾ।
ਮਿਲ ਮਿਲ ਮੇਲੀ ਮੇਲੇ ਚਲੇ ਜਿਸ ਜਿਸ ਕੋਈ ਪਿਆਰਾ।
ਸਿਖ ਕੌਮ ਦੇ ਸਿਰ ਤੇ ਝੁਲੀ ਚਾਰੋਂ ਤਰਫ ਹਨੇਰੀ।
'ਕਿਰਤੀ' ਯਾਦ ਪਵੇ ਮੁੜ ਮੁੜ ਕੇ ਕੇਸ ਗੜੀ ਝਲਕਾਰਾ।
ਜਿਸਨੂੰ ਸਤਿਗੁਰ ਪਰਖਨ ਵੇਲੇ ਉਚੀ ਆਖ ਸਨਾਇਆ।
ਸਿਖੀ ਦਾ ਮੁਲ ਸਿਰ ਹੈ ਭਾਈ ਧੋਖਾ ਕੋਈ ਨਹੀਂ ਲਾਇਆ।
ਨਾ ਕੋਈ ਲਾਰਾ ਸੁਰਗਾਂ ਵਾਲਾ ਨਾ ਕੋਈ ਹੋਰ ਭੁਲੇਖਾ।
'ਕਿਰਤੀ' ਧੰਨ ਤੇਰੀ ਵਡਿਆਈ, ਪਰਖ ਖਜਾਨੇ ਪਾਯਾ।
ਫਿਰ ਵੀ ਸਸਤੀ ਸਮਝਨ ਵਾਲੇ ਨਿਕਲੇ ਪੰਜ ਪਿਆਰੇ।
ਏਸ ਮਹਿਲ ਦੇ ਥੰਮ ਸਮਝੀਏ ਜਾਂ ਕਿ ਅਰਸ਼ ਮਨਾਰੇ।
ਪੁੁਤਾਂ ਦੀ ਥਾਂ ਗੋਦ ਬਠਾਕੇ, ਸਤਿਗੁਰ ਹੈ ਵਡਿਆਇਆ।
'ਕਿਰਤੀ' ਮਾਤ ਪਿਤਾ ਤੇ ਪੁਤ੍ਰ, ਜਿਸਦੀ ਖਾਤਰ ਵਾਰੇ।