ਪੰਨਾ:ਤੱਤੀਆਂ ਬਰਫ਼ਾਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫)

ਡੇਰੇ ਆਕੇ ਸੈਦ ਖਾਂ ਦਾ ਚੌਂਪੜ ਖੇਡਨਾ

ਪੌੜੀ-ਚੌਂਪਟ ਖੇਡੇ ਸੈਦ ਖਾਂ ਮਨ ਖੁਸ਼ੀ ਮਨਾਏ।
ਤੀਰ ਅਚਾਨਕ ਆ ਪਿਆ ਚੌਂਪਟ ਉਲਟਾਏ।
ਸਨੇ ਪਿਆਰੇ ਸਾਥੀਆਂ ਡਾਢਾ ਘਬਰਾਏ।
ਕਿਥੋਂ ਕਿਸਨੇ ਮਾਰਿਆ ਕੁਝ ਸਮਝ ਨਾ ਆਏ।
ਕਰਾਮਾਤ ਏਹ ਜਾਪਦੀ ਗਲ ਹੋਰ ਨਾ ਕਾਏ।
ਹੋਰ ਪਿਆ ਇਕ ਆਨਕੇ ਝਟ ਵੇਖਨ ਚਾਏ।
ਲਿਖਿਆ ਰੁਕਾ ਨਾਲ ਸੀ ਜਿਉਂ ਕਾਸਦ ਆਏ।
ਕਰਾਮਾਤ ਨਹੀਂ ਖਾਂਨ ਜੀ ਏਹ ਕਰਤਬ ਹਾਏ।
ਖਿਚ ਲਗੀ ਕੁਝ ਦਿਲੇ ਨੂੰ ਲਗ ਚਰਨੀਂ ਜਾਏ।
ਪਰ ਸ਼ਰ੍ਹਾ ਪਰ੍ਹਾ ਦੀ ਮਾਰਨੇ ਫਿਰ ਲਿਆ ਦਬਾਏ।

ਰਾਤ ਨੂੰ ਸੁਫਨੇ ਵਿਚ ਭੈਣ ਦਾ ਸਮਝਾਨਾ

ਰਾਤੀਂ ਸੁਤਿਆਂ ਨੂੰ ਆਈ ਖਾਬ ਐਸੀ,
ਖਲੀ ਭੈਣ ਹੈ ਰਹੀ ਸਮਝਾ ਵੀਰਾ।
ਏਸ ਦੂਈ ਦਵੈਤ ਦੀ ਅਗ ਵਿਚੋਂ,
ਲੈ ਆਪਣਾ ਆਪ ਬਚਾ ਵੀਰਾ।
ਵੇਲਾ ਬੀਤਿਆ ਹਥ ਨਾ ਆਵਨਾ ਏਂ,
ਜਾਨ ਬੁਝ ਨਾਂਹੀ ਧੋਖਾ ਖਾ ਵੀਰਾ।
ਅਜੇ ਸਮਝ ਜਾਵੇਂ ਛਡੇਂ ਕੁਫਰ ਦਿਲ ਦਾ,
ਹਥ ਜੋੜ ਕੇ ਲੈ ਬਖਸ਼ਾ ਵੀਰਾ।
ਅਖਾਂ ਖੁਲ ਗਈਆਂ ਸਭੇ ਭੁਲ ਗਈਆਂ,
ਆਖੇ ਸੁਫਨਿਆਂ ਬੜਾ ਸਤਾਇਆ ਏ।
ਵੇਲੇ ਨਾਲ 'ਕਿਰਤੀ' ਫੌਜਾਂ ਜੋੜ ਕੇ ਤੇ,
ਉਸੇ ਤਰਾਂ ਮਦਾਨ ਚਿ ਆਇਆ ਏ।