ਪੰਨਾ:ਤੱਤੀਆਂ ਬਰਫ਼ਾਂ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੩੭)

ਸ਼ਾਹੀ ਫੌਜਾਂ ਵਲੋਂ ਧੋਖਾ ਦੇਣਾ

ਡਿਠਾ ਜਿਸ ਦਮ ਦੁਸ਼ਮਨਾਂ ਹੁਣ ਪੇਸ਼ ਨਾ ਜਾਏ।
ਧੋਖਾ ਦਈਏ ਗੁਰੂ ਨੂੰ ਕਰ ਸੁਲਾਹ ਸੁਨਾਏ।
ਖਾਲੀ ਕਰ ਦਿਓ ਕਿਲੇ ਨੂੰ ਲਿਖ ਭੇਜਨ ਚਾਏ।
ਕਸਮ ਕੁਰਾਨ ਸ਼੍ਰੀਫ ਦੀ ਗਲ ਹੋਰ ਨਾ ਕਾਏ।
ਪਰ ਧੋਖਾ ਸਾਬਤ ਹੋ ਗਿਆ ਸੀ ਕੂੜ ਕੂੜਾਏ।
ਫਿਰ ਦੂਜੀ ਵਾਰੀ ਭੇਜ ਦੇ ਪੰਡਤ ਮੰਗਵਾਏ।
ਉਹ ਗਊਆਂ 'ਆਟੇ' ਸੰਦੀਆਂ ਵਿਚ ਥਾਲ ਟਕਾਏ।
ਹੁਣ ਕੋਈ ਨਾ ਪਿਛਾ ਕਰੇਗਾ ਰਹੇ ਕਸਮਾਂ ਖਾਏ।
ਤੁਸੀ ਰਾਖੇ ਸਾਡੇ ਧਰਮ ਦੇ ਰਹੇ ਸਚ ਸੁਨਾਏ।
ਹੁਣ ਮੰਨੇ ਸਾਡੀ ਬੇਨਤੀ ਗਏ ਸਰਨੀ ਆਏ।

ਗੁਰੂ ਜੀ ਦਾ ਅਨੰਦ ਪੁਰ ਨੂੰ ਛੱਡਣਾ

ਪਿਆ ਪੁਰੀ ਅਨੰਦ ਨੂੰ ਛਡ ਜਾਨਾ,
ਦੁਸ਼ਮਨ ਹਦ ਦੀ ਕਸਮ ਜਾ ਖਾ ਗਏ ਨੇ।
ਅਗੇ ਬਹੁਤ ਥੋੜੇ ਸਿੰਘ ਨਾਲ ਹੇਸਨ।
ਬਾਕੀ ਜੰਗ ਸ਼ਹੀਦੀਆਂ ਪਾ ਗਏ ਨੇ।
ਓਹਨਾਂ ਵਿਚੋਂ ਭੀ ਸਰਸੇ ਦੀ ਭੇਟ ਹੋ ਗਏ,
ਜੇਹੜੇ ਬਚੇ ਓਹ ਨਾਲ ਸਦਾ ਗਏ ਨੇ।
ਮਾਤਾ ਸਨੇ ਛੋਟੇ ਦੋਵਾਂ ਬਚਿਆਂ ਦੇ,
ਵਿਛੜ ਵਿਚ ਉਜਾੜ ਦੇ ਆ ਗਏ ਨੇ।
ਗੰਗੂ ਆਖਦਾ ਮਾਤ ਜੀ ਚਲ ਰਹੀਏ,
ਖੇੜੀ ਪਿੰਡ ਮੇਰਾ ਏਥੋਂ ਦੂਰ ਨਾਂਹੀ।
ਏਸ ਵੇਲੜੇ ਜੰਗਲਾਂ ਵਿਚ ਫਿਰਨਾ
ਕਿਰਤੀ; ਜਾਪਦਾ ਕੋਈ ਦਸਤੂਰ ਨਾਂਹੀ।