ਪੰਨਾ:ਤੱਤੀਆਂ ਬਰਫ਼ਾਂ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੭)

ਇਕ ਦੂਜੇ ਨੂੰ ਨੀਵਾਂ ਆਖਣ, ਸ਼ਰਮਾਂ ਮੂਲ ਨਾ ਆਈਆਂ।
'ਕਿਰਤੀ' ਆਪੋ ਧਾਪੀ ਵਾਲਾ, ਪੈ ਗਿਆ ਐਸਾ ਪੜਦਾ।
ਖਤਰੀ ਬ੍ਰਾਹਮਣ ਜਟ ਅਰੌੜੇ ਛੀਂਬੇ ਝੀਵਰ ਨਾਈ।
ਰਾਮਗੜੀਆਂ ਨੇ ਵੀ ਚਾ ਆਪਣੀ ਵਖਰੀ ਸਭਾ ਬਣਾਈ।
ਬੋਲੀ ਨਾਲ ਨਾ ਬੋਲੀ ਮਿਲਦੀ ਐਸੀ ਹਾਲਤ ਹੋਈ।
'ਕਿਰਤੀ' ਅਡੋ ਅਡੀ ਖਿਚੜੀ ਸਾਰੇ ਚਾਹੁਣ ਪਕਾਈ।
ਧਾਗੇ ਵਿਚ ਪਰੁਚਾ ਤਾਂ ਫੁਲ ਸੇਹਰਾ ਬਣ ਸਿਰ ਚੜਿਆ।
ਓਹੋ ਫੁਲ ਡਿਗਾ ਜਾਂ ਧਰਤੀ, ਪੈਰਾਂ ਹੇਠ ਲਤੜਿਆ।
ਕਰਾਮਾਤ ਜਮਾਤ ਆਖਦੇ, ਦੁਬਿਧਾ ਨਿਰੀ ਤਬਾਹੀ।
'ਕਿਰਤੀ' ਭੂਤ ਫੁਟ ਦਾ ਐਸਾ, ਸਿਰ ਇਹਨਾਂ ਦੇ ਚੜਿਆ।
ਮਿਲਕੇ ਬਹਿਣ ਅੰਜਾਣੇ ਤਾਂ ਓਹ ਸੋਹਣੀ ਖੇਡ ਬਣਾਂਦੇ।
ਲੜਦੇ ਹੈਣ ਸਿਆਣੇ ਤਾਂ ਓਹ ਬਣਿਆਂ ਖੇਲ ਗਵਾਂਦੇ।
ਲਖਾਂ ਹੈਨ ਨਜ਼ੀਰਾਂ ਏਥੇ ਦਸਨ ਲੋੜ ਨਾ ਕਾਈ।
'ਕਿਰਤੀ' ਮੂਰਖ ਬਣ ਗਏ ਡਾਹਢੇ ਫਿਰ ਵੀ ਚਤਰ ਸਦਾਂਦੇ।
ਘਰ ਫੁਟਾ ਉਸ ਰਾਵਨ ਪੰਡਤ ਸੋਨੇ ਲੰਕ ਗਵਾਈ।
ਬਾਨਰ ਬਾਨਰ ਮਿਲਕੇ ਆਏ ਫਤਹਿ ਰਾਮ ਨੇ ਪਾਈ।
ਸਿਖ ਲੀਡਰਾਂ ਗਿਲ ਗਵਾਈ ਮਤਲਬ ਦੇ ਮਤਵਾਲੇ।
'ਕਿਰਤੀ' ਆਪਣੀ ਹਥੀਂ ਫੜ ਕੇ ਕੀਤੀ ਖੂਬ ਤਬਾਹੀ।

(ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ)

ਜਿਹਦੇ ਰਾਜ ਅੰਦਰ ਮੁਸਲਮਾਨ ਹਿੰਦੂ,
ਮਿਲਕੇ ਸੁਖਾਂ ਦਾ ਝਟ ਲੰਘਾਂਵਦੇ ਪਏ।
ਜਿਹਦੇ ਹੁਕਮ ਅਗੇਸਰ, ਅਟਕ, ਜੈਸੇ,
ਅਟਕ ਅਟਕ ਕੇ ਸੀਸ ਝੁਕਾਂਵਦੇ ਪਏ।
ਜਿਹਦੇ ਅਦਲ ਇਨਸਾਫ ਦੀ ਧਾਂਕ ਸੁਣਕੇ,
ਰਾਮ ਰਾਜ ਕਹਿ ਲੋਕ ਵਡਿਆਂਵਦੇ ਪਏ।