ਪੰਨਾ:ਤੱਤੀਆਂ ਬਰਫ਼ਾਂ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਹਦੇ ਵਿਚ ਪਾ ਸਿੰਘਾਂ ਦਾ ਖੂਨ ਭਰਸਾਂ,
ਬਕ ਪੀਆਂਗਾਂ ਮਤਾ ਪਕਾਇਆ ਸੀ।
ਐਪਰ ਧੰਨ ਉਹ ਗੁਰੂ ਕੇ ਸਿਖ ਸੀਗੇ,
ਜਿੰਨਾਂ ਧਰਮ ਤੇ ਜਿੰਦ ਨੂੰ ਲਾਇਆ ਸੀ।
ਹੁੰਦੇ ਤਾਨ ਨਤਾਨਿਆਂ ਵਾਂਗ ਹੋ ਕੇ,
ਸਿਖੀ ਸ਼ਾਨ ਦੇ ਤਾਈਂ ਚਮਕਾਇਆ ਸੀ।
'ਕਿਰਤੀ' ਆਪਣਾ ਆਪ ਕੁਰਬਾਨ ਕਰਕੇ,
ਗੁਰੂ ਧਾਮ ਆਜ਼ਾਦ ਕਰਾਇਆ ਸੀ।

(ਭਾਈ ਦਲੀਪ ਸਿੰਘ ਤੇ ਲਛਮਨ ਸਿੰਘ ਸਣੇ ਦੋ ਸੌ ਸਿੰਘਾਂ ਦੇ
ਸ਼ਹੀਦ ਹੋ ਗਏ)


ਭਾਗ ਪਏ ਜਾਗ ਏਸ ਸਤੀ ਹੋਈ ਕੌਮ ਸੰਦੇ,
ਤਾਂਘ ਤਾਂਘ ਨਾਲ ਗੁਰ ਮੰਦਰ ਸੁਧਾਰ ਦੇ।
ਈਖ ਦੀ ਮਿਠਾਸ ਜਿਵੇਂ ਚੀਟੀ ਨੂੰ ਵਸਾਏ ਲੇਤ
ਫੁਲਾਂ ਦੀ ਸੁਗੰਧ ਤਾਈ ਭਵਰੇ ਪਿਆਰ ਦੇ।
ਦੜਾ ਦੜ ਗੋਲੀਆਂ ਦੇ ਵਿਚ ਪਏ ਸ਼ਹੀਦ ਹੋਣ,
ਸੋਹਣੇ ਸੂਰਬੀਰ ਵੇਖੋ ਜਾਨਾਂ ਕਿਵੇਂ ਵਾਰਦੇ।
ਲੀਨ ਰਸ ਬਾਣੀਆਂ ਦਾ ਬੀਨ ਦੇ ਪਰੇਮ ਵਤ, .
ਦੀਨ ਦੀਨ ਹੋਏ ਮ੍ਰਿਗ ਆਏ ਸ਼ੌਕ ਧਾਰਦੇ।
ਪੜ ਪੜ ਜਾਪ ਸਤਨਾਮ ਦਾ ਪਿਆਰਾ ਮੁਖੋਂ,
ਝੜ ਝੜ ਡਿਗੇ ਲਾਲ ਦੀਪਕ ਨਿਹਾਰਦੇ।
ਸਿੰਘਾਂ ਵਾਲਾ ਹੌਸਲਾ ਵਿਖਾਲ ਦਿਤਾ ਜਗ ਤਾਈਂ,
ਸਿਖ ਦਾ ਪਿਆਰ ਨਾਲ ਗੁਰੂ ਦਰਬਾਰ ਦੇ।
ਘਸ ਘਸ ਚੰਦਨ ਚੜੇਂਗੇ ਏਸ ਖੂਨ ਤਾਈਂ,
ਗਸ ਗਸ ਨਿਕਲੇ ਜੋ ਘਰ ਦਿਲਦਾਰ ਦੇ।
'ਕਿਰਤੀ' ਉਹ ਧੰਨ ਭਾਈ ਬੀਰ ਜੇ ਦਲੀਪ ਸਿੰਘ,
ਆਪ ਤਰੇ ਜਗ ਨਾਲ ਸਾਥੀਆਂ ਨੂੰ ਤਾਰਦੇ।