ਪੰਨਾ:ਤੱਤੀਆਂ ਬਰਫ਼ਾਂ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਰਾ ਸਾਕਾ ਅਖੀਂ ਵੇਖਿਆ ਤੇ ਪੂਰਨ ਸਿਦਕ ਵਿਚ ਰਹੀ। ਸ਼ਹੀਦ ਜੀ
ਦੇ ਭਰਾਤਾ ਸਰਦਾਰ ਕਰਮ ਸਿੰਘ ਤੇ ਤਾਰਾ ਸਿੰਘ ਜੀ ਹਨ, ਜੋ ਤਾਰ ਪੁਜਦੇ ਹੀ, ਪਹੁੰਚਕੇ ਅੰਤਮ ਦਰਸ਼ਨ
ਕਰ ਸਕੇ। ਆਪ ਜੀ ਦਾ ਜਨਮ ੧੫ ਚੇਤਰ ਸੰਮਤ ੧੯੫੬ ਬਿਕ੍ਰਮੀ ਨੂੰ ਹੋਇਆ ਤੇ ਸ਼ਹੀਦੀ ਵੇਲੇ
ਆਪ ਦੀ ਉਮਰ ੨੩ ਸਾਲ ਦੀ ਸੀ ਤੇ ਆਪ ਮੈੜ ਰਾਜਪੂਤ ਬਰਾਦਰੀ ਵਿਚੋਂ ਸਨ।

(ਵਿਧਵਾ ਵਿਰਲਾਪ)


ਦੋਵੇਂ ਹਥ ਜੁੜਦੇ ਟੁਰਦੇ ਪੈਰ ਨਾਹੀਂ,
ਖਲੀ ਸਾਹਮਣੇ ਵਾਂਗ ਤਸਵੀਰ ਹੋਕੇ।
ਜੀਭ ਕਰੇ ਸਵਾਲ ਤੇ ਕੰਬ ਜਾਂਦੀ,
ਟੁਟੇ ਹੌਸਲਾ ਹਾਏ ਦਿਲਗੀਰ ਹੋਕੇ।
ਸਿਰ ਤੋਂ ਤਾਜ ਟੂਟਾ ਖੁਸਾ ਰਾਜ ਆਪਣਾ,
ਸੀਨਾ ਚਾਕ ਹੋਇਆ ਲੀਰੋ ਲੀਰ ਹੋਕੇ।
'ਕਿਰਤੀ' ਸਲ ਜੁਦਾਈ ਦਾ ਵਿਚ ਸੀਨੇ,
ਹੋਇਆ ਪਾਰ ਮਾਨੋਂ ਤਿਖਾ ਤੀਰ ਹੋਕੇ।

(ਵਰਲਾਪ ਸ਼ਹੀਦ ਭਾਈ ਪ੍ਰਤਾਪ ਸਿੰਘ ਜੀ ਦੀ ਧਰਮ ਪਤਨੀ ਦਾ)


ਚਵ੍ਹਾਂ ਪਾਸਿਆਂ ਤੋਂ ਅੰਧਘੋਰ ਹੋਇਆ,
ਪੁਛੇ ਗਲ ਏਹ ਜ਼ਰਾ ਸੁਨੀਵਨਾ ਏਂ।
ਕੀਤਾ ਬਚਨ ਸੀ ਸੁਖਾਂ ਤੇ ਦੁਖਾਂ ਅੰਦਰ,
ਸਾਥ ਛਡਕੇ ਨਹੀਂ ਨਸੀਵਨਾ ਏਂ।
ਕੀ ਮੈਂ ਭੁਲ ਕੀਤੀ ਕਿਉਂ ਮੈਂ ਭੁਲ ਚ,
ਕੀ ਨਹੀਂ ਭੁਲ ਨੂੰ ਤੁਸਾਂ ਬਖਸ਼ੀਵਨਾ ਏਂ।
ਸਿਰ ਤੇ ਛਡ ਗਰਿਸਤ ਦਾ ਭਾਰ ਚਲੇ,
ਮੈਂ ਇਕੱਲੜੀ ਕਿਵੇਂ ਨਭੀਵਨਾ ਏਂ।
ਮੈਂ ਅੰਵਾਨ ਨਾ ਪਤਾ ਜਹਾਨ ਵਾਲਾ,
ਅਗੇਂ ਕਿਸ ਤਰਾਂ ਸਮਾਂ ਬਤੀਵਨਾ ਏਂ।
ਕਿਰਤੀ ਕਰਨ ਸੰਸਾਰ ਦਾ ਪੰਧ ਲੰਮਾ,
ਕਦਮ ਕਦਮ ਤੇ ਠੋਕਰਾਂ ਢੀਵਨਾ ਏਂ।