ਪੰਨਾ:ਤੱਤੀਆਂ ਬਰਫ਼ਾਂ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੮)

ਭਾਗਾਂ ਵਾਲਿਓ ਗੁਰੂ ਦੀ ਦੇਗ ਤਾਈਂ,
ਫੇਰੂ ਵਿਚ ਹੋ ਫੇਰ ਚਲਾਨ ਚਲੇ।
ਮਰਨਾ ਸਚ ਤੇ ਜੀਵਨਾ ਝੂਠ ਏਥੇ,
ਏਸੇ ਗਲ ਨੂੰ ਤੋੜ ਨਿਭਾਣ ਚਲੇ।
ਏਹੋ ਬੇਨਤੀ ਅਸਾਂ ਦੀ ਰਬ ਅਗੇ,
ਆਨ ਸ਼ਾਨ ਰਹੇ ਪੰਥ ਦੀ ਜੀਤ ਹੋਵੇ।
ਵੀਰ ਵੀਰ ‘ਕਿਰਤੀ’ ਫੇਰ ਗਲੇ ਮਿਲੀਏ,
ਠੰਡਾ ਠਾਰ ਕਲੇਜੜਾ ਸੀਤ ਹੋਵੇ।

ਇਹ ਮਾਨ ਪੱਤਰ ਪਿੰਡ ਜਲਾਲ ਵਿਚੋਂ ਗਏ ਸਿੰਘਾਂ ਭਾਈ ਲਾਭ ਸਿੰਘ
ਮੌਜੀ, ਸੋਹਨ ਸਿੰਘ, ਤੇ ਖਜਾਨ ਸਿੰਘ ਜ਼ਿਮੀਂਦਾਰ ਤੇ ਲਾਲ ਸਿੰਘ
ਮੈਹਰਾ ਨੂੰ ਕੈਦ ਕਰਕੇ ਆਉਣ ਤੇ ਦਿਤਾ ਗਿਆ ਸੀ।

ਅਸੀ ਦਾਸ ਕੀਹ ਤੁਸਾਂ ਦਾ ਮਾਨ ਕਰੀਏ,
ਜੇਹੜੀ ਪੰਥ ਦੀ ਸੇਵ ਕਮਾ ਆਏ।
ਧੰਨ ਤੁਸੀ ਹੋ ਤੁਸੀ ਹੀ ਆਪ ਜੈਸੇ,
ਸਿਖੀ ਸਿਦਕ ਦੀ ਸ਼ਾਨ ਬਚਾ ਆਏ।
ਕਰਕੇ ਸੀਸ ਨੂੰ ਪੇਸ਼ ਦਸਮੇਸ਼ ਜੀ ਦੇ
ਪਰਚੇ ਕਢਕੇ ਠੀਕ ਵਖਾ ਆਏ।
ਆਸ਼ਕ ਸਚ ਦੇ ਤੁਸੀ ਪਤੰਗ ਬਣਕੇ,
ਸੋਹਣੀ ਪਰੀਤ ਦੀ ਰੀਤ ਨਿਭਾ ਆਏ।
ਪੱਥਰ ਦਿਲਾਂ ਤੇ ਤੁਸਾਂ ਦਾ ਅਸਰ ਹੋਇਆ,
ਕੀਕਰ ਜ਼ਾਲਮਾਂ ਤਾਈਂ ਹੈਰਾਨ ਕੀਤਾ।
'ਕਿਰਤੀ' ਜੀ ਆਇਆਂ ਅਸੀ ਆਖਦੇ ਹਾਂ,
ਰਬ ਤੁਸਾਂ ਦਾ ਉਚੜਾ ਮਾਨ ਕੀਤਾ।