ਪੰਨਾ:ਤੱਤੀਆਂ ਬਰਫ਼ਾਂ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੯)

(ਸਿੱਖ-ਨੌਜੁਵਾਨ ਨੂੰ)

ਤੇਰੀ ਖਾਤਰ ਸਤਿਗੁਰ ਜੀ ਨੇ, ਗੁਰੂ-ਗ੍ਰੰਥ ਬਨਾਇਆ।
ਸੜਿਆ ਖੇਤਰ ਹਰਿਆ ਕੀਤਾ, ਬਾਣੀ ਮੀਂਹ ਵਸਾਇਆ।
ਸਭ ਤੋਂ ਠੰਡੀ ਸਭ ਤੋਂ ਮਿਠੀ ਜਿਸ ਸਭ ਜਗਤ ਤਰਾਇਆ।
ਪਰ ਅੱਜ ਸਿਖਾ ਨੌਜੁਵਾਨਾਂ, ਤੂੰ ਕੁਝ ਕਦਰ ਨਾ ਪਾਇਆ।
ਪੜ੍ਹਨੀ ਕੀਹ ਸੀ ਪੜਨ ਵਾਲਿਆਂ, ਉੱਤੇ ਹਾਸੀ ਕਰਨੀ।
ਭੁਲ ਗਿਓਂ ਓਹ ਰਸਤਾ 'ਕਿਰਤੀ', ਜੋ ਜਾਂਦਾ ਗੁਰਚਰਨੀ।
ਬੀ ਏ. ਪਾਸ ਕਰਨ ਦੀ ਖਾਤਰ, ਲੱਖਾਂ ਕਸ਼ਟ ਉਠਾਏ।

ਫੀਸਾਂ ਭਰ ਭਰ ਮੇਹਨਤ ਕਰ ਕਰ, ਪੜ੍ਹ ਪੜ੍ਹ ਮਗਜ਼ ਖਪਾਏ।
ਬਚਪਨ ਅਤੇ ਅਜ਼ਾਦੀ ਵਾਲੇ, ਸਾਰੇ ਸੁਖ ਭੁਲਾਏ।
ਫਿਰ ਭੀ ਫੇਹਲ ਹੋਣ ਤੋਂ ਡਰਕੇ, ਦਿਲ ਦੇ ਵਿਚ ਘਬਰਾਏ।
ਗੁਰਬਾਣੀ ਦੇ ਸਮਝਨ ਖਾਤਰ, ਇਕ ਛਿਨ ਚਿਤ ਨਾ ਲਾਨਾਂ।
ਉਲਟੀ ਨੁਕਤਾ-ਚੀਨੀ ਸਿਖੀ, ਸਿੱਖਾ ਨੌ-ਜੁਵਾਨਾਂ।

ਸਤਿਗੁਰ ਨੇ ਗੁਰਧਾਮਾਂ ਅੰਦਰ, ਸੇਵਾ ਸੜਕ ਬਣਾਈ।
ਉਚ ਨੀਚ ਦਾ ਭੇਦ ਮਿਟਾਕੇ, ਪੰਗਤ ਇਕ ਕਰਾਈ।
ਤਾਹੀਂ ਸੰਗਤ ਵਾਲੀ ਉਪਮਾਂ, ਗੁਰ ਨਾਲੋਂ ਵਡਿਆਈ।
ਪਰ ਅੱਜ ਸਿੱਖਾ ਨੌ-ਜੁਵਾਨਾਂ, ਤੂੰ ਕੀਹ ਖੇਡ ਗਵਾਈ।
ਸੇਵਾ ਦੀ ਥਾਂ ਓਥੇ 'ਕਿਰਤੀ' ਹੋਕੇ ਆਪ ਮੁਹਾਨਾਂ।
ਅਦਬ ਸ਼ਰਮ ਪਿਆਰ ਗਵਾਇਆ, ਬਣਿਓਂ ਆਪ ਬਗਾਨਾਂ।

ਜਿਥੇ ਸੇਵਾ ਸਿਖਨ ਜਾਨਾ, ਭਗਤੀ ਦਾ ਰਾਹ ਪਾਣਾ।
ਜਿਥੇ ਦੁਸ਼ਮਨ ਦੇ ਜੋੜੇ ਨੂੰ ਭੀ, ਫੜ ਮਸਤਕ ਲਾਣਾ।
ਜਿਥੇ ਵੇਖ ਪਰਾਈਆਂ ਨੂੰ, ਧੀ ਭੈਣਾਂ ਆਖ ਬੁਲਾਣਾ।
ਜਿਥੇ ਜਾਕੇ ਸਦਾ-ਚਾਰ ਦਾ, ਸੋਹਣਾ ਸਬਕ ਪਕਾਣਾ।
ਪਰ ਅੱਜ ਸਿੱਖਾ ਨੌ-ਜਵਾਨਾਂ, ਤੇਰੀ ਬੇ-ਪਰਵਾਹੀ।
ਨਸਤਕਤਾ ਦੀ ਚੜੀ ਹਨੇਰੀ, 'ਕਿਰਤੀ' ਕਰੇ ਤਬਾਹੀ।