ਪੰਨਾ:ਤੱਤੀਆਂ ਬਰਫ਼ਾਂ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੮੨)

ਤਬਾਹੀ ਦੇ ਨਜ਼ਾਰੇ

ਜਾਂ ਤਾਂ ਰੱਬ ਹੋ ਗਿਆ ਨਰਾਜ਼ ਕਿਸੇ ਗਲ ਉਤੋਂ,
ਗੁਸੇ ਵਿਚ ਗਲ ਸਾਡੇ ਦੁਖਾਂ ਦੀ ਭੁਲਾਈ ਏ।
ਸੈਰ ਨੂੰ ਵਲੈਤ ਗਿਆ ਗੋਰਿਆਂ ਪਰੇਰ ਲਿਆ,
ਖਬਰੇ ਕੋਈ ਖਤਾਬ ਵਾਲੀ ਦਿਤੀ ਵਡਿਆਈ ਏ।
ਨਾਚ ਕਰ ਬੈਠਾ ਕਿਤੇ ਸੁਧ ਬੁਧ ਭੁਲ ਗਈ
ਨਵੀਂ ਲਾਈਟ ਨਾਲ ਡਾਢੀ ਅੱਖ ਚੁੰਧਿਆਈ ਏ।
'ਕਿਰਤੀ' ਜੇ ਹਿੰਦੀਆਂ ਦਾ ਰੱਬ ਹਿੰਦ ਵਿਚ ਹੁੰਦਾ,
ਵੇਖਣੀ ਨਾਂ ਪੈਂਦੀ ਜੇਹੜੀ ਵੇਖ ਲਈ ਤਬਾਈ ਏ।
ਕੋਈ ਆਖੇ ਲੀਡਰਾਂ ਨੇ ਦੇਸ ਨੂੰ ਉਜਾੜ ਦਿਤਾ,
ਕੇਈ ਅੰਗਰੇਜ਼ ਤਾਈਂ ਦੇਂਵਦਾ ਬੁਰਾਈ ਏ।
ਕੋਈ ਆਖੇ ਹਾਕਮਾਂ ਨੇ ਮਾਰਿਆ ਰੀਫੂਜ਼ੀਆਂ ਨੂੰ,
ਕੋਈ ਆਖੇ ਫਿਰਕੂ ਜਮਾਤਾਂ ਨੂੰ ਸੁਦਾਈ ਏ।
ਕਿਸੇ ਦੇ ਖਿਆਲ ਵਿਚ ਲੁਟਿਆ ਬਲੈਕੀਆਂ ਨੇ,
ਕਿਧਰੇ ਵਜ਼ੀਰਾਂ ਹਥੋਂ ਮਚਦੀ ਦੁਹਾਈ ਦੇ।
'ਕਿਰਤੀ' ਨੂੰ ਦਿਸੇ ਅਸੀਂ ਭੁਲ ਗਏ ਹਾਂ ਰਬ ਤਾਈਂ,
ਓਸੇ ਦਾ ਹੀ ਫਲ ਅਜ ਅਸਾਂ ਦੀ ਤਬਾਹੀ ਏ।
ਰਬ ਸੀ ਅਕੱਲਾ, ਅਸਾਂ ਪੱਲਾ ਓਹਦਾ ਛਡ ਦਿਤਾ
ਵਖੋ ਵਖ ਧੜਿਆਂ ਦੀ ਧੂੜ ਚਾ ਧੁਆਈ ਏ।
ਪਾਲਸੀ ਚਲਾਕੀਆਂ ਤੇ ਹੋਰ ਹੇਰ ਫੇਰਾਂ ਨਾਲ,
ਆਪੋ ਧਾਪ ਵਖੋ ਵਖ ਡਫੜੀ ਵਜਾਈ ਏ।
ਛੋਟਿਆਂ ਦੀ ਗਲ ਕਾਹਦੀ ਵਡੇ ਵਡੇ ਚਾਨਣਾ ਨੇ
ਰੋਸ਼ਨੀ ਕੀਹ ਦੇਣੀ ਸੀ ਬਲੈਕ ਹੀ ਕਰਾਈ ਏ।
'ਕਿਰਤੀ' ਗਰੀਬਾਂ ਦੀ ਅਵਾਜ਼ ਕਿਸੇ ਸੁਨਣੀ ਕੀਹ,
ਰਬ ਵਲੋਂ ਭੁਲਿਆਂ ਦੀ ਏਵੇਂ ਹੁੰਦੀ ਆਈ ਏ।