ਪੰਨਾ:ਤੱਤੀਆਂ ਬਰਫ਼ਾਂ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੦)

ਮਨੁੱਖ ਦੀ ਖਾਹਸ਼

ਉਮਰ ਜਵਾਨੀ ਹੈ ਮਸਤਾਨੀ, ਇਸ ਦੇ ਖੇਲ ਨਿਆਰੇ।
ਸਭਨਾਂ ਦਾ ਦਿਲ ਕਰਦਾ ਏਹੋ, ਆਪਣਾ ਆਪ ਸਵਾਰੇ।
ਬੈਠਾ ਟੁਰਦਾ ਕਿਧਰੇ ਹੋਵਾਂ, ਜਾਵਾਂ ਵਿਚ ਬਜਾਰੇ।
'ਕਿਰਤੀ' ਲੋਕੀਂ ਮੈਂ ਵਲ ਤਕਣ, ਆਖਣ ਵਾਹ ਵਾਹ ਸਾਰੇ।
ਕਹਿੰਦੇ ਸਨ ਸਿਆਣੇ ਅਗੇ, ਜੋ ਭਾਵੇ ਮਨ ਖਾਈਏ।
ਜੋ ਭਾਵੇ ਜਗ ਤਾਈਂ ਬੰਦੇ, ਸੋ ਲਿਬਾਸ ਹੰਢਾਈਏ।
ਪਰ ਹੁਣ ਪਤਾ ਨਾ ਲਗਦਾ ਮੂਲੋਂ, ਕਿਸ ਨੂੰ ਆਖ ਸੁਣਾਈਏ।
ਤਾਂ ਤੇ 'ਕਿਰਤੀ' ਜੋ ਕੋਈ ਕਰਦਾ, ਉਸ ਨੂੰ ਵੇਂਹਦੇ ਜਾਈਏ।



ਮਨਹੂਸ ਮਨੁੱਖ ਨੂੰ


ਸੌਵੇਂ ਬੜੀ ਸਵੇਰੇ, ਉਠੇ ਸਵੇਰੇ ਨਾਹੀਂ,
ਮੰਦਰ ਨਾ ਗੁਰਦਵਾਰੇ ਜਾਵੇ ਕਦੇ ਫਜ਼ਰ ਨੂੰ।
ਸੁਖ ਮੇਂ ਖੁਸ਼ੀ ਮਨਾਏ, ਦਾਤੇ ਨੂੰ ਦੇ ਭੁਲਾਏ,
ਰੋਵੇ ਦੁਖਾਂ ਦੀ ਵਾਰੀ ਭੁਲੇ ਸਬਰ ਸ਼ੁਕਰ ਨੂੰ।
ਮੇਹਨਤ ਤੋਂ ਦਿਲ ਚੁਰਾਏ ਕਰਮਾਂ ਨੂੰ ਦੋਸ਼ ਦੇ ਕਰ,
ਬੈਠਾ ਰਹੇ ਹਮੇਸ਼ਾ ਕੇਵਲ ਹਿਲਾ ਕੇ ਸਰ ਨੂੰ।
ਨਾਰੀ ਕਰੇ ਨਾ ਆਦਰ ਬੇਟਾ ਕਰੇ ਨਾ ਸੇਵਾ,
ਦੋਜ਼ਕ ਸਮਾਨ ਹੋਵੇ ਜਾਵੇ ਜਾਂ ਸ਼ਾਮ ਘਰ ਨੂੰ।
ਦੁਸ਼ਮਨ ਕੋ ਖੌਫ ਨਾ ਹੋ, ਸਾਜਨ ਕੋ ਆਸ ਨਾਹੀਂ,
ਮਾਨਸ ਜਨਮ ਕੋ ਖੋਇਆ ਕੀਤਾ ਨਾ ਯਾਦ ਹਰ ਨੂੰ।
'ਕਿਰਤੀ' ਹੋ ਜਾਂ ਧਨੀ ਹੋ,ਹੋਵੇ ਨਾ ਬਚਨ ਪੂਰਾ,
ਭੇਜੋ ਹਜ਼ਾਰ ਲਾਹਨਤ ਐਸੇ ਜ਼ਲੀਲ ਨਰ ਨੂੰ।