ਪੰਨਾ:ਤੱਤੀਆਂ ਬਰਫ਼ਾਂ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੪)

ਝੂਠੀਆਂ ਆਸਾਂ

ਸਾਕ ਯਾਰ ਜਗ ਠਗ ਕੇ ਚੜ੍ਹਿਆ ਪੁਤ ਵਿਆਹਨ।
ਲੋਕ ਲਾਜ ਦੀਆਂ ਬੋਲੀਆਂ ਜਰਦਾ ਚਤਰ ਸੁਜਾਨ।
ਜਰਦਾ ਚਤਰ ਸੁਜਾਨ ਜਾਣਦਾ ਆਪੇ ਸੋਈ।
ਪਰ ਖੁਸ਼ੀਆਂ ਦੀ ਆਸ ਭੁਲੇਖੇ ਲਾਹੀ ਲੋਈ।
ਦੇਵਾ ਸਿੰਘ ਕਵ ਕਹੇ ਸੁਖਾਂ ਦੀ ਤਕੀ ਆਸ।
ਕਠੇ ਕਰ ਕਰ ਟੁਰੇ ਕਿਸੇ ਤਰਾਂ ਦੋਸਤ ਸਾਕ।

ਵਾਰ ਵਾਰ ਕੇ ਪੀਂਵਦੀ ਮਾਤਾ ਪਾਣੀ ਜੋ।
ਨੂੰਹ ਪੁਤਰ ਨੂੰ ਵੇਖ ਕੇ ਰਹੀ ਚੌਗਨੀ ਹੋ।
ਰਹੀ ਚੌਗਨੀ ਹੋ ਥਕੇ ਨਾ ਸਗਨ ਮਨਾਂਦੀ।
ਖੀਵੀ ਹੋ ਹੋ ਜਾਏ ਖੁਸ਼ੀ ਕੁਝ ਕਹੀ ਨਹੀਂ ਜਾਂਦੀ।
ਦੇਵਾ ਸਿੰਘ ਕਵ ਕਹੇ ਇਕ ਤੋਂ ਹੋਈ ਚਾਰ।
ਮਾਤਾ ਪਾਣੀ ਪੀਏ ਜਦੋਂ ਸਿਰ ਉਤੋਂ ਵਾਰ।

ਆਵਨ ਰਲ ਮਿਲ ਸਾਰੀਆਂ ਕਰ ਕਰ ਮਾਨ ਵਖਾਨ।
ਗੋੜੇ ਲੈ ਕੇ ਰੂੰ ਦੇ ਪੈਰਾਂ ਹੇਠ ਰਖਾਨ।
ਪੈਰਾਂ ਹੇਠ ਰਖਾਨ ਬਹੂ ਨੂੰ ਟੁਰਨ ਨਾ ਦੇਣਾ।
ਕੁਛੜ ਚੁਕ ਚੁਕਾ ਲਿਆਵਨ ਰਲ ਕੇ ਭੈਣਾਂ।
ਦੇਵਾ ਸਿੰਘ ਕਵ ਕਹੇ ਚੂਰੀਆਂ ਕੁਟ ਖਵਾਵਨ।
ਹਸਨ ਗਾਵਨ ਚਾਓ ਨਾਲ ਸਭ ਵੇਖਣ ਆਵਨ।

'ਸੁਖਨਾਂ' ਸੁਖਾਂਦੀ ਮਾਂ ਸੀ ਪਹਿਲਾਂ ਜੋ ਅਨੇਕ।
ਖਾਤਰ ਪੁਤਰ ਨੂੰਹ ਦੇ ਝਾਗੇ ਕਈ ਕਲੇਸ਼।
ਝਾਗੇ ਕਈ ਕਲੇਸ਼ ਓਹੀ ਫਿਰ ਬਚਨ ਉਛਾਲੇ।
ਜੋੜੀ ਮਰੇ ਜੇ ਆਜ ਸਾਸ ਤਾਂ ਹੋਣ ਸੁਖਾਲੇ।
ਦੇਵਾ ਸਿੰਘ ਕਵ ਕਹੇ ਸੁਖ ਸਭ ਹੋਏ ਸੁਪਨਾਂ।
ਰੋਵੇ ਕਰ ਕਰ ਯਾਦ ਜਦੋਂ ਸੀ ਸੁਖਦੀ 'ਸੁਖਨਾਂ'।