ਪੰਨਾ:ਦਲੇਰ ਕੌਰ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੨)

ਤੇ ਸੁੰਦਰਤਾ ਦੀ ਝਲਕ ਹੈ, ਭਾਵੇਂ ਕਿਸੇ ਡਾਢੀ ਚਿੰਤਾ ਨਾਲ ਚੇਹਰਾ ਉਤਰਿਆ ਹੋਇਆ ਤੇ ਗਰਦ ਆਦਿਕ ਨਾਲ ਭਰਪੂਰ ਹੈ, ਪਰ ਓਹ ਸੁੰਦਰਤਾ ਜੋ ਕਿਸੇ ਸਮੇਂ ਏਥੇ ਆਪਣਾ ਪੂਰਾ ਜੋਬਨ ਦਿਖਾ ਚੁੱਕੀ ਹੈ, ਆਪਣੇ ਜ਼ੋਰ ਨੂੰ ਮੂਲੋਂ ਹੀ ਨਹੀਂ, ਘਟਾ ਚੁੱਕੀ, ਇਸਦੇ ਓਹ ਨਰਗਸੀ ਨੇਤਰ ਜਿਨ੍ਹਾਂ ਵਿੱਚ ਕਿਸੇ ਸਮੇਂ ਕਾਲਾ ਕਾਲਾ ਅੰਜਨ ਡਲ੍ਹਕਦਾ ਹੋਵੇਗਾ, ਅੱਜ ਘੱਟੇ ਨੂੰ ਸੁਰਮਾ ਸਮਝ ਕੇ ਆਪਣੇ ਅੰਦਰ ਥਾਂ ਦੇ ਰਹੇ ਹਨ। ਓਹ ਕਾਲੇ ਕਾਲੇ ਲੰਮੇ ਤੇ ਬ੍ਰੀਕ ਵਾਲ ਜਿਨ੍ਹਾਂ ਵਿਚ ਸ਼ੈਦ ਕਿਸੇ ਸਮੇਂ ਵਿਚ ਕੰਘੀ ਹੋਕੇ ਸੁਗੰਧ ਭਰੇ ਤੇਲ ਲਗਦੇ ਹੋਣਗੇ, ਅੱਜ ਜਟਾਂ ਰੂਪ ਦਿਸ ਰਹੇ ਹਨ। ਇਸ ਦੇ ਨਾਜ਼ਕ ਪੈਰ ਜੋ ਸ਼ੈਦ ਨੰਗੇ ਕਦੇ ਪੌੜੀਆਂ ਨਾਂ ਉਤਰੇ ਹੋਣਗੇ, ਅੱਜ ਬਿਲਕੁਲ ਨੰਗੇ ਹਨ, ਅਰ ਉੱਤੇ ਘੱਟਾ ਜੰਮਿਆਂ ਹੋਇਆ ਹੈ। ਇਸ ਦੀ ਨਰਮ ਨਰਮ ਸ੍ਵਰਨ ਵਰਗੀ ਦੇਹ ਜੋ ਕਦੀ ਮਖਮਲੀ ਤੇ ਅਤਲਸੀ ਕਪੜਿਆਂ ਵਿਚ ਢੱਕੀ ਰਹਿੰਦੀ ਹੋਵੇਗੀ, ਅੱਜ ਇਕ ਮੈਲੇ ਠਰਕ ਕੱਪੜੇ ਨਾਲ ਢੱਕੀ ਹੋਈ ਹੈ। ਇਸ ਦੇ ਪ੍ਰਗਟ ਰੂਪ ਤੋਂ ਪਤਾ ਨਹੀਂ ਲਗ ਸਕਦਾ ਕਿ ਇਹ ਇਸਤ੍ਰੀ ਹਿੰਦੂ ਹੈ ਯਾ ਮੁਸਲਮਾਨ? ਹਾਂ ਇੱਕ ਗੱਲ ਜ਼ਰੂਰ ਹੈ ਕਿ ਏਹ ਕੋਈ ਸਾਈਂ ਦੀ ਯਾਦ ਵਾਲੀ ਫ਼ੱਕਰ ਇਸਤ੍ਰੀ ਹੈ। ਆਹ ਲਓ, ਇਸਦੇ ਬੁੱਲ੍ਹ ਖੁੱਲ੍ਹੇ ਤੇ ਇਨ੍ਹਾਂ ਵਿੱਚੋਂ, ਦਿਲ ਚੀਰਵੀਂ ਸ੍ਵਰ ਨਿਕਲੀ:

"ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ
ਹਉ ਤਿਸ ਪਹਿ ਆਪੁ ਵੇਚਾਈ।"