ਪੰਨਾ:ਦਲੇਰ ਕੌਰ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੬)

ਪਹੁੰਚੇਗਾ? ਪਹੁੰਚੇਗਾ ਤਾਂ ਸਹੀ, ਕਿਉਂਕਿ ਤੂੰ ਸੀਤਲ ਤੇ ਮੈਂ ਤਪਤ। ਤੂੰ ਸਦਾ ਹੀ ਪ੍ਰਸੰਨ-ਚਿਤ ਤੇ ਮੈਂ ਸਦਾ ਹੀ ਦੁਖੀਆ! ਪਰ ਨਹੀਂ ਨਹੀਂ, ਹੇ ਬਲਵਾਨ ਤੇ ਉਪਕਾਰੀ ਰਾਵੀ! ਜਿੱਥੇ ਤੂੰ ਹਜ਼ਾਰਾਂ ਦੁਖੀਆਂ ਤੇ ਦਰਦਮੰਦਾਂ ਨੂੰ ਆਪਣੀ ਗੋਦ ਵਿਚ ਸਮਾਇਆ ਹੈ, ਓਥੇ ਹੀ ਇਕ ਮੈਂ ਦੁਖੀਆ ਨੂੰ ਵੀ ਥਾਂ ਦੇਹ। ਹੇ ਮੈਨੂੰ ਦੁੱਖਾਂ ਤੋਂ ਛੁਡਾਉਣ ਵਾਲੇ ਪਿਤਾ! ਅੱਡ ਝੋਲੀ, ਮੈਂ ਆਈ!"

ਵੈਰਾਗਣ ਇਸਤ੍ਰੀ ਨੇ ਪੂਰੇ ਜ਼ੋਰ ਨਾਲ ਹੰਭਲਾ ਮਾਰਿਆ, ਪਰ ਹਾਏ ਲੇਖ! ਦੇਹ ਅਗਾਹਾਂ ਪੈਣ ਦੀ ਥਾਂ ਸਗੋਂ ਦੋ ਕਦਮ ਪਿੱਛੇ ਹਟ ਗਈ! ਹੈਂ, ਏਹ ਕੀ ਹੋਯਾ, ਕੌਣ ਮੇਰੇ ਦੁਖ ਛੁਟਦੇ ਦੇਖਕੇ ਜਰ ਨਹੀਂ ਸੱਕਿਆ, ਕਿਸ ਨੇ ਮੈਨੂੰ ਚੁਕਕੇ ਸਗੋਂ ਦੋ ਕਦਮ ਪਿੱਛੇ ਲਿਜਾਕੇ ਦੁੱਖਾਂ ਦੇ ਛੁਟਕਾਰੇ ਤੋਂ ਰੋਕ ਦਿੱਤਾ ਹੈ! ਏਹ ਖਿਆਲ ਦਬਾ ਦਬ ਇਸਤ੍ਰੀ ਦੇ ਦਿਮਾਗ ਵਿਚ ਚੱਕਰ ਖਾਣ ਲੱਗ ਪਏ, ਅਰ ਅੱਖ ਦੇ ਫੋਰ ਵਿਚ ਓਹ ਬੇਹੋਸ਼ ਹੋ ਗਈ।

ਓਹ ਭਿਆਨਕ ਆਦਮੀ, ਓਹ ਜ਼ਬਰਦਸਤ ਹੱਥ ਤੇ ਓਹ ਕਰੜਾ ਦਿਲ, ਜਿਨ੍ਹਾਂ ਨੇ ਏਸ ਦੁਖੀ ਇਸਤ੍ਰੀ ਨੂੰ ਆਤਮਘਾਤ ਕਰਨੋਂ ਬਚਾਯਾ ਸੀ, ਇਸਦੇ ਬਿਹੋਸ਼ ਹੋਣ ਨਾਲ ਬੇਧਿਆਨ ਨਹੀਂ ਹੋ ਗਏ, ਅਰ ਨਾਂ ਹੀ ਏਸਦੇ ਬੇਹੋਸ਼ ਹੋਣ ਨਾਲ ਉਨ੍ਹਾਂ ਪਰ ਕਿਸੇ ਹੋਰ ਤਰ੍ਹਾਂ ਦਾ ਅਸਰ ਹੋਇਆ; ਸਗੋਂ ਉਨ੍ਹਾਂ ਨੇ ਬੜੀ ਬੇ ਤਰਸੀ ਨਾਲ ਉਸ ਬੇ ਸੁਰਤ ਇਸਤ੍ਰੀ ਦੀਆਂ ਮੁਸ਼ਕਾਂ ਕੱਸ ਲਈਆਂ ਤੇ ਗੰਢੜੀ ਬੰਨ੍ਹਕੇ ਪਿੱਠ ਪਿੱਛੇ ਛੱਟ ਵਾਂਗ ਲੱਦ ਲਿਆ।