ਪੰਨਾ:ਦਲੇਰ ਕੌਰ.pdf/40

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੩੮)

ਗੁਲਾਮੀ ਵਿਚ ਪਰਸੰਨ ਸਾਂ, ਹੁਣ ਇਸਨੂੰ ਘ੍ਰਿਣਾ ਦੀ ਨਜ਼ਰ ਨਾਲ ਦੇਖਦਾ ਹਾਂ। ਮੈਨੂੰ ਆਪਣੇ ਪਿਤਾ ਸਾਕ ਸਨਬੰਧੀ ਅਤੇ ਹੋਰ ਲੱਖਾਂ ਹੀ ਹਿੰਦੂਆਂ ਪਰ ਕੇਵਲ ਉਨ੍ਹਾਂ ਦੇ ਆਤਮਾਂ ਦੀ ਕਮਜ਼ੋਰੀ ਕਰਕੇ ਤਰਸ ਆ ਰਿਹਾ ਹੈ। ਆਪ ਜੇਕਰ ਕੋਈ ਉਪਕਾਰ ਕਰ ਸਕਦੇ ਹੋ ਤਾਂ ਏਹ ਕਿ ਮੇਰੀ ਆਤਮਾਂ ਨੂੰ ਸ਼ਾਂਤ ਕਰ ਦੇਵੋ, ਤਾਕਿ ਕਿਵੇਂ ਮੇਰੀ ਆਤਮਾਂ ਦੀ ਖੁਸਖੁਸੀ ਹਟ ਜਾਵੇ।

ਸਿੱਖ-ਕਾਕਾ, ਜਿਸ ਸਤਿਗੁਰੂ ਦੀ ਦਯਾ ਨਾਲ ਤੇਰੀ ਆਤਮਾਂ ਦੀ ਕਮਜ਼ੋਰੀ ਨਿਕਲਕੇ ਏਸ ਵਿਚ ਬੀਰ ਰਸ ਭਰ ਰਿਹਾ ਹੈ, ਓਹੋ ਹੀ ਸਤਗੁਰੂ ਤੇਰੀ ਆਤਮਾਂ ਨੂੰ ਸ਼ਾਂਤੀ ਕਰ ਸਕਦੇ ਹਨ, ਮੈਂ ਕੌਣ ਵਿਚਾਰਾ ਹਾਂ।

ਮੈਂ-ਆਹ, ਜਿਸ ਸਤਿਗੁਰੂ ਨੇ ਆਪਣੀ ਅਪੂਰਵ ਕ੍ਰਿਪਾ ਦੁਆਰਾ ਮੇਰੇ ਪੁਰ ਏਤਨੀ ਕ੍ਰਿਪਾ ਕੀਤੀ ਹੈ; ਕਾਸ਼, ਕਿ -ਮੈਂ ਓਹਨਾਂ ਦੇ ਦਰਸ਼ਨ ਕਰ ਸਕਾਂ।

ਸਿੱਖ-ਪਿਆਰੇ ਬਾਲਕ, ਅਜੇਹੀ ਕ੍ਰਿਪਾ ਕਰਨ ਵਾਲੇ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ, ਜੋ ਦੇਹ ਕਰਕੇ ਤਾਂ ਇਸ ਵੇਲੇ ਏਸ ਸੰਸਾਰ ਵਿਚ ਨਹੀਂ ਹਨ, ਪਰ ਉਨ੍ਹਾਂ ਦੀ ਪਵਿੱਤ੍ਰ ਰੂਹ ਸਾਰੇ ਜਗਤ ਵਿਚ ਆਪਣੇ ਪ੍ਰਭਾਵ ਨਾਲ ਕੰਮ ਕਰ ਰਹੀ ਹੈ। ਹੇ ਟੁੱਟੇ ਦਿਲ, ਤੂੰ ਓਸੇ ਸਤਿਗੁਰੂ ਦੀ ਸ਼ਰਨ ਲੈ, ਓਹੋ ਹੀ ਤੇਰੇ ਟੁੱਟੇ ਆਤਮਾਂ ਨੂੰ ਗੰਢਣ ਲਈ ਸਮਰੱਥ ਹਨ।

ਮੈਂ - ਮੈਂ ਓਹਨਾਂ ਦੀ ਸ਼ਰਨ ਕਿਸ ਤਰ੍ਹਾਂ ਲਵਾਂ? ਕਿੱਥੇ ਜਾਵਾਂ?