(੫੧)
ਅਕਬਰ-ਹਾਇ! ਖੁਦਾ ਦੀ ਕਸਮ,ਜ਼ੈਨਬ! ਜੇ ਮੈਨੂੰ ਤੇਰੇ ਨਾਲ ਅਤਿ ਸਨੇਹ ਨਾ ਹੁੰਦਾ, ਤਾਂ ਮੈਂ ਤੇਰੀ ਗਰਦਨ ਇਸੇ ਵੇਲੇ ਧੜ ਨਾਲੋਂ ਅਲੱਗ ਕਰ ਦੇਂਦਾ, ਪਰ ਤੂੰ ਮੇਰੀ ਭੈਣ ਹੈਂਂ, ਮੈਂ ਜਾਨਦਾ ਹਾਂ ਤੈਨੂੰ ਕਿਸੇ ਨੇ ਬਹਿਕਾਇਆ ਹੋਇਆ ਹੈ, ਤੇਰੇ ਉੱਤੇ ਕਿਸੇ ਨੇ ਜਾਦੂ ਕੀਤਾ ਹੋਇਆ ਹੈ, ਨਹੀਂ ਤਾਂ ਤੇਰੀ ਜ਼ਬਾਨ ਤੋਂ ਅਜਿਹੇ ਲਫ਼ਜ਼ ਕਦੇ ਨਾ ਨਿਕਲਦੇ।
ਜ਼ੈਨਬ-ਮੈਂ ਆਪਣੇ ਹੋਸ਼ ਹਵਾਸ ਵਿਚ ਕਾਇਮ ਹਾਂ, ਮੇਰੇ ਉਤੇ ਕਿਸੇ ਨੇ ਜਾਦੂ ਨਹੀਂ ਪਾਇਆ। ਭਾਈ ਜਾਨ! ਤੁਸੀ ਭੁੱਲ ਵਿੱਚ ਹੋ। ਬਾਕੀ ਰਹੀ ਜਾਨੋਂ ਮਾਰ ਦੇਣ ਦੀ ਗੱਲ। ਸੋ ਏਹ ਧਮਕੀ ਤਾਂ ਫਜ਼ੂਲ ਹੈ। ਤੁਸੀ ਸੋਚ ਸਕਦੇ ਹੋ ਕਿ ਜਦ ਮੈਂ ਆਪਣੀ ਜਾਨ ਨੂੰ ਦਰਯਾ ਦੇ ਖਤਰਨਾਕ ਜਾਨਵਰਾਂ ਦੇ ਹਵਾਲੇ ਕਰਨ ਲਈ ਤਯਾਰ ਹੋ ਪਈ ਸਾਂ ਤਾਂ ਕੀ ਮੇਰੇ ਵਾਸਤੇ ਇਹ ਸਗੋਂ ਚੰਗੀ ਗੱਲ ਨਹੀਂ ਕਿ ਮੇਰੀ ਜਾਨ ਤਲਵਾਰ ਦੇ ਇੱਕੋ ਹੀ ਵਾਰ ਨਾਲ ਪਾਰ ਬੋਲੇ? ਫੇਰ ਮੁਬਾਰਕ ਹਾਂ ਮੈਂ ਜੇ ਮੈਂ ਓਸ ਆਦਮੀ ਦੇ ਹੱਥੋਂ ਮਰਾਂ ਜੋ ਮੈਨੂੰ ਭੈਣ ਕਹਿਣ ਦਾ ਦਾਹਵਾ ਰੱਖਦਾ ਹੈ।
ਨਾਦਰ-ਆਹ, ਮੇਰੀ ਜ਼ੈਨਬ ਪਾਗ਼ਲ ਹੋ ਗਈ।
ਜ਼ੈਨਬ-(ਹਾਹੁਕਾ ਭਰ ਕੇ) ਸੱਚ ਹੈ:-
ਪ੍ਰੇਮ-ਪਿਆਲਾ ਜਿਨ ਮੂੰਹ ਲਾਇਆ,
ਪਾਗਲ ਓਹ ਅਖਵਾਇਆ।
ਉਸ ਨੂੰ ਬੁਰਾ ਭਲਾ ਸਭ ਬਕਿਆ,
ਜੋ ਜਿਸਦੇ ਮਨ ਆਇਆ।