ਪੰਨਾ:ਦਲੇਰ ਕੌਰ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪)

ਪਾਠਕ! ਅਸੀਂ ਸਿੰਘ ਹਾਂ, ਭੂਤਾਂ ਪ੍ਰੇਤਾਂ ਦੇ ਖਯਾਲੀ ਵਹਿਮਾਂ ਭਰਮਾਂ ਅਤੇ ਝੂਠੇ ਡਰਾਵਿਆਂ ਤੋਂ ਸਾਨੂੰ ਸਾਡੇ ਸਤਿਗੁਰਾਂ ਨੇ ਬਚਾਇਆ ਹੋਇਆ ਹੈ। ਆਓ, ਦੇਖੀਏ ਕਿ ਇਹ ਪੰਜ ਸੱਤ ਦੀਵੇ ਜਿਹੇ ਕੀ ਹਨ।

ਲਗ ਭਗ ੯੦ ਗਜ਼ ਲੰਮੀ ਅਤੇ ੫੦-੬੦ ਗਜ਼ ਚੌੜੀ ਥਾਂ ਹੈ, ਆਲੇ ਦੁਆਲੇ ਬ੍ਰਿਛ ਹਨ, ਪਰ ਇਸ ਥਾਂ ਵਿਚ ਕੋਈ ਬ੍ਰਿਛ ਨਹੀਂ। ਲਹੂ ਦਾ ਚਿੱਕੜ, ੨੦-੨੫ ਲੋਥਾਂ ਦੇ ਸਿਰ ਧੜ ਅਤੇ ਕੱਟੀਆਂ ਹੋਈਆਂ ਬਾਹਵਾਂ ਆਦਿ ਵੱਖੋ ਵੱਖ, ਦੋ ਕੁ ਮੁਰਦਾ ਘੋੜੇ ਤੇ ਪੰਜ ਸੱਤ ਟੁੱਟੀਆਂ ਹੋਈਆਂ ਤਲਵਾਰਾਂ, ਇਹ ਭਯਾਨਕ ਦ੍ਰਿਸ਼੍ਯ ਹੈ ਜੋ ਤਕੜੇ ਤੋਂ ਤਕੜੇ ਦਿਲ ਵਾਲੇ ਆਦਮੀ ਨੂੰ ਕੰਪਾਇਮਾਨ ਕਰਨ ਲਈ ਸਮਰੱਥ ਹੈ। ੬ ਤੁਰਕ ਸਿਪਾਹੀ ਹੱਥਾਂ ਵਿਚ ਮਸਾਲਾਂ ਲਈ ਇਨ੍ਹਾਂ ਲੋਥਾਂ ਦੀ ਪੜਤਾਲ ਕਰ ਰਹੇ ਹਨ, ਵਿੱਚੋਂ ਜਿੰਦਾਂ ਸੁੱਕੀਆਂ ਹੋਈਆਂ ਹਨ, ਮੂੰਹ ਤੇ ਹਵਾਈਆਂ ਉੱਡ ਰਹੀਆਂ ਹਨ, ਡਰ ਨਾਲ ਹੱਥ ਪੈਰ ਤੇ ਸਾਰਾ ਸਰੀਰ ਕੰਬ ਰਿਹਾ ਹੈ, ਜੇ ਇਕ ਸਿਪਾਹੀ ਇਕ ਲੋਥ ਵੇਖਦਾ ਹੈ ਤਾਂ ਤਿੰਨ ਵਾਰੀ ਡਰੇ ਹੋਏ ਸਹੇ ਵਾਂਗੂੰ ਐਧਰ ਔਧਰ ਤੱਕ ਲੈਂਦਾ ਹੈ, ਅਜੇਹੀ ਡਰ ਦੀ ਹਾਲਤ ਵਿਚ ਹੀ ਇਨ੍ਹਾਂ ਦਾ ਕੰਬਦੇ ਹੱਥਾਂ ਨਾਲ ਲੋਥਾਂ ਦੇਖੀ ਜਾਣਾ ਸਾਫ ਸਿੱਧ ਕਰਦਾ ਹੈ ਕਿ ਏਹ ਕਿਸੇ ਵੱਡੇ ਡਰ ਜਾਂ ਕਿਸੇ ਭਾਰੀ ਲੋੜ ਦੇ ਕਾਰਨ ਇਹ ਕੰਮ ਕਰ ਰਹੇ ਹਨ। ਇਹੋ ਲੋਥਾਂ ਦੇਖਦਿਆਂ ਹੋਇਆਂ ਇਕ ਸਿਪਾਹੀ ਦੇ ਮੂੰਹੋਂ ਉਪ੍ਰੋਕਤ ਲਫਜ਼ ਬੇਵਸੇ ਨਿਕਲ ਗਏ ਸਨ, ਅਰਥਾਤ "ਹੈਂ! ਇਹ ਤਾਂ ਦਲੇਰ ਕੌਰ ਹੈ?"