ਪੰਨਾ:ਦਲੇਰ ਕੌਰ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੧ )

ਮੂੰਹ ਵਿਚ ਪਾਣੀ ਪਾਯਾ, ਅੱਖਾਂ ਉੱਤੇ ਪਾਣੀ ਦੇ ਛੱਟੇ ਮਾਰੇ, ਜਿਸ ਨਾਲ ਉਸਨੇ ਪਾਸਾ ਪਰਤਿਆ ਅਤੇ ਪਲੋ ਪਲੀ ਵਿਚ ਉਠਕੇ ਬੈਠ ਗਈ ਅਤੇ ਹੋਸ਼ ਵਿਚ ਆਉਂਦਿਆਂ ਹੀ ਆਪਣੇ ਸਾਹਮਣੇ ਤੇ ਆਲੇ ਦੁਆਲੇ ਦੇ ਸਿੰਘਾਂ ਨੂੰ ਵੇਖਕੇ ਅਚੰਭਿਤ ਹੋ ਗਈ, ਹੈਰਾਨੀ ਨੇ ਮੂੰਹ ਨੂੰ ਐਸਾ ਜੰਦਰਾ ਮਾਰਿਆ ਕਿ ਗੱਲ ਹੀ ਨਾਂ ਨਿਕਲ ਸੱਕੇ। ਹੁਣ ਹਕੀਮ ਜੀ ਬਹਾਦਰ ਸਿੰਘ ਵੱਲ ਗਏ ਜੋ ਜਾਣ ਬੁੱਝਕੇ ਕੁਝ ਪਰੇ ਇਕ ਕਿੱਕਰ ਦੇ ਓਹਲੇ ਬੈਠਾ ਹੋਇਆ ਸੀ, ਹਕੀਮ ਜੀ ਨੇ ਓਸਦੀ ਪੱਟੀ ਖੋਲ੍ਹੀ, ਜ਼ਖ਼ਮ ਵਿਚ ਕੁਝ ਦਵਾਈ ਲਾ ਕੇ ਉੱਤੋਂ ਪੱਟੀ ਬੰਨ੍ਹ ਦਿੱਤੀ, ਅਤੇ ਅੱਗੋਂ ਜ਼ਖਮ ਉੱਤੇ ਲਾਉਣ ਲਈ ਕੁਝ ਦਵਾਈ ਦੇ ਦਿੱਤੀ। ਬਹਾਦਰ ਸਿੰਘ ਨੇ ਦੋ ਦਮੜੇ ਹਕੀਮ ਜੀ ਦੀ ਭੇਟਾ ਕੀਤੇ, ਹਕੀਮ ਜੀ ਨੇ ਦਮੜੇ ਲੈ ਕੇ ਖੀਸੇ ਪਾਏ ਅਤੇ ਜਾਣ ਦੀ ਆਗਯਾ ਮੰਗੀ, ਪਰ ਬਹਾਦਰ ਸਿੰਘ ਨੇ ਕਿਹਾ ਕਿ ਅੱਜ ਨਹੀਂ।

ਏਧਰ ਜ਼ੈਨਬ ਹੈਰਾਨੀ ਭਰੇ ਮਨ ਨਾਲ ਸੋਚ ਰਹੀ ਸੀ ਕਿ ਮੈਂ ਏਹਨਾਂ ਸ਼ੇਰਾਂ ਵਿਚ ਕਿਸਤਰ੍ਹਾਂ ਆ ਗਈ? ਅਕਬਰ ਤੇ ਨਾਦਰ ਕਿੱਥੇ ਗਏ? ਓਹ ਆਪਣੀਆਂ ਤੇ ਆਪਣੇ ਭਰਾਵਾਂ ਦੀਆਂ ਗੱਲਾਂ ਨੂੰ ਸੁਪਨੇ ਵਤ ਯਾਦ ਕਰਦੀ ਸੀ, ਏਸ ਹੈਰਾਨੀ ਵਿਚ ਉਸ ਨੂੰ ਆਸ ਦੀ ਇਕ ਚਮਕਦੀ ਝਲਕ ਦਿਖਾਈ ਦੇਂਦੀ ਸੀ। ਉਸ ਨੂੰ ਸਿੰਘਾਂ ਵਿਚ ਆ ਜਾਣ ਕਰਕੇ ਏਸ ਗੱਲ ਦੀ ਪੱਕੀ ਆਸ ਸੀ ਕਿ ਹੁਣ ਬਹਾਦਰ ਸਿੰਘ ਵੀ ਜ਼ਰੂਰ ਮਿਲ ਪਵੇਗਾ।

ਬਹਾਦਰ ਸਿੰਘ ਇੱਕਲਵੰਜੇ ਬੈਠਾ ਸੋਚ ਰਿਹਾ ਸੀ