ਪੰਨਾ:ਦਲੇਰ ਕੌਰ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੪ )

ਦਲੇਰ ਕੌਰ-ਵਾਹਿਗੁਰੂ! ਵਾਹਿਗੁਰੂ! ਮੇਰੇ ਧੰਨ ਭਾਗ ਹਨ ਕਿ ਮੈਂ ਤੁਹਾਨੂੰ ਭੈਣ ਜੀ ਕਹਿ ਸਕਦੀ ਹਾਂ! ਹਾਂ ਜੇ ਆਪ ਨੂੰ ਸ਼ਾਹੀ ਖਾਨਦਾਨ ਵਿਚੋਂ ਹੋਣ ਕਰਕੇ ਇਕ ਗਰੀਬਣੀ ਪਾਸੋਂ ਭੈਣ ਅਖਵਾਉਂਦਿਆਂ ਸ਼ਰਮ ਆਉਂਦੀ ਹੈ ਤਾਂ ਤੁਹਾਡੀ ਰਜ਼ਾ। ਪਰ ਇਹ ਯਾਦ ਰੱਖੋ ਕਿ ਸਾਡੇ ਪੰਥ ਵਿਚ ਵੱਡਾ ਛੋਟਾ ਕੋਈ ਨਹੀਂ ਹੁੰਦਾ।

ਜ਼ੈਨਬ- ( ਪ੍ਰੇਮ ਅਸਰ ਵਿਚ ਆ ਕੇ ) ਆਹਾ! ਕਿਹਾ ਪਵਿੱਤ੍ਰ ਜੀਵਨ ਹੈ, ਮੈਂ ਸ਼ਾਹੀ ਖਾਨਦਾਨ ਵਿਚੋਂ ਨਹੀਂ, ਮੈਂ ਤਾਂ ਇਕ ਬਿਰਹੋਂ ਕੁੱਠੀ ਬਨਬਾਸਨ ਹਾਂ।

ਦਲੇਰ ਕੌਰ --ਸੁਣਾਓ ਕੋਈ ਵਤਨ ਦੀ ਗੱਲ ਬਾਤ!

ਜ਼ੈਨਬ-"ਵਤਨ ਦੁਰਾਡਾ ਸਾਡਾ ਦੇਸ ਦੁਰਾਡਾ ਪਈਆਂ ਮੈਂ ਲੰਬੜੇ ਰਾਹੀਂ " ਭੈਣ ਜੀ, ਸਾਡਾ ਵਤਨ ਕੇੜ੍ਹਾ ਵਤਨ ਤਾਂ ਅਜੇ ਬੜੀ ਦੂਰ ਹੈ, ਮੈਂ ਤਾਂ ਅਜੇ ਵਤਨ ਤੋਂ ਬੜੀ ਉਰੇ ਬੈਠੀ ਹਾਂ।

ਦਲੇਰ ਕੌਰ ਨੇ ਇੰਨੀ ਗੱਲਬਾਤ ਵਿਚ ਹੀ ਅਨਭਵ ਕਰ ਲਿਆ ਕਿ ਇਹ ਪ੍ਰੇਮ ਦੇ ਉਚੇਰੇ ਦਰਜੇ ਤੇ ਪਹੁੰਚ ਚੁੱਕੀ ਹੈ। ਓਹ ਅਜੇ ਕੋਈ ਹੋਰ ਗੱਲ ਕਰਨ ਹੀ ਲੱਗੀ ਸੀ ਕਿ ਅਚਾਨਕ ਜ਼ੈਨਬ ਦੀ ਨਜ਼ਰ ਜੋ ਚਾਰ ਚੁਫੇਰੇ ਫਿਰ ਰਹੀ ਸੀ ਭਾਈ ਬਹਾਦਰ ਸਿੰਘ ਤੇ ਜਾ ਟਿਕੀ ਜੋ ਹੁਣੇ ਓਹਲਿਓਂ ਨਿਕਲਕੇ ਪ੍ਰਸ਼ਾਦਿ ਪਾਣੀ ਦੇ ਪ੍ਰਬੰਧ ਲਈ ਇਕ ਦੋ ਸਿੰਘਾਂ ਨੂੰ ਸਮਝਾ ਰਹੇ ਸਨ। ਬਹਾਦਰ ਸਿੰਘ ਦੇ ਦਿੱਸਣ ਦੀ ਢਿੱਲ ਸੀ ਕਿ ਪ੍ਰੇਮ ਜੋਸ਼ ਵਿਚ ਆ ਗਿਆ, ਜ਼ੈਨਬ ਹੰਬਲਾ ਮਾਰ ਕੇ ਉੱਠੀ, ਓਧਰੋਂ ਬਹਾਦਰ ਸਿੰਘ ਨੇ ਵੀ ਤਾੜ ਲਿਆ।