ਪੰਨਾ:ਦਲੇਰ ਕੌਰ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੮ )

ਸ਼ਹਿਰੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਹੁਣ ਜਿੱਧਰ ਤੇਰਾ ਜੀ ਚਾਹੇ ਚਲੀ ਜਾਹ, ਅਤੇ ਆਪ ਕਿਸੇ ਹੋਰਪਾਸ ਨੂੰ ਤੁਰ ਗਏ। ਮੈਂ ਵੀ ਸਤਿਗੁਰੂ ਦੇ ਆਸਰੇ ਪੂਰਬ ਵਲ ਨੂੰ ਮੂੰਹ ਕਰ ਦਿੱਤਾ, ਸਾਰੀ ਰਾਤ ਤੁਰੀ ਗਈ ਸਵੇਰਾ ਹੋਇਆ ਤਾਂ ਇੱਕ ਛਪੜੀ ਵਿਚ ਇਸ਼ਨਾਨ ਕਰਕੇ ਕੁਝ ਫਲ ਫੁਲ ਖਾਧਾ, ਕਰਤਾਰ ਦਾ ਧੰਨਵਾਦ ਕੀਤਾ ਅਤੇ ਇੱਕ ਝਾੜੀ ਵਿੱਚ ਲੁਕ ਗਈ, ਸੰਧਯਾ ਪਈ ਫੇਰ ਤੁਰੀ, ਸਾਰੀ ਰਾਤ ਵਿਚ ਦਸ ਕੁ ਕੋਹ ਪੈਂਡਾ ਕੀਤਾ, ਦਿਨ ਚੜ੍ਹੇ ਫੇਰ ਲਕ ਗਈ। ਅਜੇ ਦੁਪੈਹਰ ਨਹੀਂ ਹੋਈ ਸੀ ਕਿ ਮੈਨੂੰ ਝਾੜੀ ਦੇ ਬਾਹਰ ਕੁਝ ਆਦਮੀਆਂ ਦੇ ਡੇਰਾ ਕਰਨ ਦੀ ਅਵਾਜ਼ ਆਈ। ਮੈਂ ਡਰ ਤਾਂ ਗਈ, ਪਰ ਕਰ ਕੀ ਸਕਦੀ ਸਾਂ। ਥੋੜੇ ਜਹੇ ਚਿਰ ਪਿੱਛੋਂ , ਮੈਨੂੰ ਗੱਲਾਂ ਤੋਂ ਭਰੋਸਾ ਹੈ ਗਿਆ ਕਿ ਬਾਹਰ ਡੇਰਾ ਕਰਨ ਵਾਲੇ ਆਦਮੀ ਸਿੰਘ ਹਨ, ਮੇਰੇ ਆਨੰਦ ਦਾ ਕੋਈ ਅੰਤ ਨਾਂ ਰਿਹਾ, ਮੈਂ ਬਾਹਰ ਨਿਕਲਕੇ ਫਤਹ ਗਜਾਈ। ਓਹ ਮੈਨੂੰ ਵੇਖਕੇ ਹੈਰਾਨ ਰਹਿ ਗਏ, ਮੈਂ ਆਪਣਾ ਨਾਮ ਤੇ ਹਾਲ ਚਾਲ ਦੱਸਿਆ, ਉਨ੍ਹਾਂ ਨੇ ਹੌਸਲਾ ਦਿੱਤਾ। ਪ੍ਰਸ਼ਾਦ ਤਯਾਰ ਹੋਇਆ, ਸਾਰਿਆਂ ਨੇ ਛਕਿਆ, ਮੈਨੂੰ ਓਹਨਾਂ ਦੇ ਸਿੰਘਾਂ ਪਾਸੋਂ ਪਤਾ ਲੱਗਾ ਕਿ ਓਹ ਸ੍ਰਦਾਰ ਜੱਸਾ ਸਿੰਘ ਦੇ ਜੱਥੇ ਵਿੱਚੋਂ ਹਨ। ਏਹ ਸਿੰਘ ਗਿਣਤੀ ਵਿਚ ੧੩ ਸਨ। ਸੰਧਯਾ ਪਈ ਤਾਂ ਅਸੀਂ ਕੂਚ ਕੀਤਾ, ਪਰ ਅਜੇ ਥੋੜੀ ਦੂਰ ਹੀ ਗਏ ਸਾਂ ਕਿ ਤੁਰਕਾਂ ਦੀ ਫੌਜ ਦੇ ਇੱਕ ਦਸਤੇ ਨਾਲ ਟਾਕਰਾ ਹੋ ਪਿਆ, ਖੂਬ ਲੜਾਈ ਹੋਈ, ਮੇਰੇ ਮੋਢੇ ਤੇ ਸਖਤ ਘਾਉ ਲੱਗਾ, ਮੈਂ ਬਹੋਸ਼ ਹੋ ਗਈ, ਫੇਰ ਮੈਨੂੰ ਪਤਾ ਨਹੀਂ ਕਿ ਕੀ ਹੋਇਆ?"